ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਚਐੱਮਵੀ ਕਾਲਜੀਏਟ ਸਕੂਲ ਵਿਚ 'ਫਜ਼ਲ-2020' ਕਰਵਾਈ ਗਈ ਜਿਸ 'ਚ ਡੀਨ ਯੂਥ ਵੈੱਲਫੇਅਰ ਸੁਸਾਇਟੀ ਨਵਰੂਪ ਕੌਰ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ। ਕੋਆਰਡੀਨੇਟਰ ਮੀਨਾਕਸ਼ੀ ਸਿਆਲ ਤੇ ਸਟੂਡੈਂਟ ਕੌਂਸਲ ਦੀ ਡੀਨ ਉਰਵਸ਼ੀ ਮਿਸ਼ਰਾ ਨੇ ਨਵਰੂਪ ਦਾ ਨਿੱਘਾ ਸਵਾਗਤ ਕੀਤਾ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਸਖ਼ਤ ਮਿਹਨਤ ਕਰ ਕੇ ਆਪਣੇ ਮਾਂ-ਬਾਪ, ਕਾਲਜ ਤੇ ਦੇਸ਼ ਦਾ ਨਾਂ ਰੋਸ਼ਨ ਕਰਨ। ਮੁੱਖ ਮਹਿਮਾਨ ਨਵਰੂਪ ਕੌਰ ਨੇ ਧੀਆਂ ਨੂੰ ਕੁਦਰਤ ਦੀ ਸਭ ਤੋਂ ਸੁੰਦਰ ਰਚਨਾ ਦੱਸਦੇ ਹੋਏ ਉਨ੍ਹਾਂ ਨੂੰ ਨਿਮਰਤਾ ਤੇ ਮਿਠਾਸ ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰਰੇਰਿਤ ਕੀਤਾ। ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰ ਜੀਵਨ ਦੇ ਹਰੇਕ ਖੇਤਰ ਵਿਚ ਕਾਮਯਾਬ ਹੋਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥਣਾਂ ਨੇ ਭੰਗੜਾ, ਗਿੱਧਾ, ਸੋਲੋ ਡਾਂਸ ਤੇ ਮਾਡਲਿੰਗ ਵਿਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। 12ਵੀਂ ਦੀ ਵਿਦਿਆਰਥਣ ਸੁਗੰਧੀ (ਹੈੱਡਗਰਲ) ਨੇ ਸਕੂਲ ਵਿਚ ਬਿਤਾਏ ਸੁਖਦ ਪਲ ਸਾਂਝੇ ਕੀਤੇ। ਇਸ ਮੌਕੇ ਰਿਸ਼ਭ ਭਾਰਦਵਾਜ, ਡਾ. ਨੀਰੂ ਭਾਰਤੀ ਤੇ ਰਮਾ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸੀਰਤ ਕੌਰ ਨੂੰ ਮਿਸ ਐੱਚਐੱਮਵੀ ਕਾਲਜੀਏਟ-2020 ਖਿਤਾਬ ਨਾਲ ਨਿਵਾਜਿਆ ਗਿਆ, ਜਦੋਂਕਿ ਦਿਵਿਆ ਫਸਟ ਰਨਰਅੱਪ ਤੇ ਨਵਪ੍ਰਰੀਤ ਕੌਰ ਸੈਕੰਡ ਰਨਰਅੱਪ ਰਹੀ। ਮਿਸ ਐਥਰੈਲ ਖਿਤਾਬ ਨਾਲ ਗੁਰਨਾਜ ਸੰਧੂ, ਮਿਸ ਮੈਗਨੇਟ ਨਾਲ ਮਹਿਕ, ਮਿਸ ਗ੍ਰੈਵਿਟੀ ਨਾਲ ਮਨਿੰਦਰ ਨੂੰ ਨਿਵਾਜਿਆ ਗਿਆ। ਮੰਚ ਸੰਚਾਲਨ ਮੁਸਕਾਨ ਤੇ ਗੁਰਲੀਨ ਨੇ ਕੀਤਾ।