ਗਿਆਨ ਸੈਦਪੁਰੀ, ਸ਼ਾਹਕੋਟ : 'ਪੰਜਾਬ ਵਿਚੋਂ ਪਾਰਲੀਮੈਂਟ ਵਿਚ ਜਾਂਦੇ ਰਹੇ ਨੁਮਾਇੰਦਿਆਂ ਵਿਚੋਂ ਬਹੁਤੇ ਆਰਐੱਸਐੱਸ ਦੀਆਂ ਗੁੱਝੀਆਂ ਹਦਾਇਤਾਂ ਅਨੁਸਾਰ ਹੀ ਵਿਚਰਦੇ ਰਹੇ। ਸਿਮਰਨਜੀਤ ਸਿੰਘ ਮਾਨ ਦੇ ਐੱਮਪੀ ਚੁਣੇ ਜਾਣ ਨਾਲ ਹੁਣ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਬਾਰੇ ਪਾਰਲੀਮੈਂਟ ਵਿਚ ਸੰਜੀਦਗੀ ਅਤੇ ਅਸਰਦਾਰ ਢੰਗ ਨਾਲ ਆਵਾਜ਼ ਉੱਠੇਗੀ।' ਇਹ ਪ੍ਰਗਟਾਵਾ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 1999 ਤੋਂ 2004 ਤਕ ਦਾ ਤਜਰਬਾ ਗਵਾਹ ਹੈ ਕਿ ਮਾਨ ਨੇ ਪਾਰਲੀਮੈਂਟ ਵਿਚ ਸਿੱਖ ਆਵਾਮ ਨਾਲ ਸਬੰਧਿਤ ਅਹਿਮ ਮਸਲੇ ਉਠਾਏ ਸਨ। ਮਿਸਾਲ ਦੇ ਤੌਰ 'ਤੇ ਲੇਹ ਲੱਦਾਖ ਦੇ ਚੀਨ ਦੇ ਕਬਜ਼ੇ ਵਾਲੇ ਹਿੱਸੇ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਸਭ ਦਾ ਧਿਆਨ ਦਿਵਾਇਆ ਸੀ ਕਿ ਇਹ ਇਲਾਕਾ ਕਿਸੇ ਵੇਲੇ ਖ਼ਾਲਸਾ ਰਾਜ ਦਾ ਅੰਗ ਸੀ। ਮਾਨ ਨੇ ਮੌਕੇ ਦੀ ਸਰਕਾਰ ਨੂੰ ਕਿਹਾ ਸੀ ਕਿ ਜਦ ਕਦੇ ਵੀ ਲੇਹ ਲੱਦਾਖ ਵਾਲੇ ਵਿਵਾਦਤ ਮਸਲੇ ਬਾਰੇ ਗੱਲਬਾਤ ਹੋਵੇ ਤਾਂ ਉਸ ਵਿਚ ਸਿੱਖਾਂ ਦੇ ਨੁਮਾਇੰਦੇ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ਦੱਸਿਆ ਕਿ ਵੇਲੇ ਦੇ ਵੱਡੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਮੰਨਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਬਹੁਤ ਵਧੀਆ ਪਾਰਲੀਮੈਂਟਰੀਅਨ ਹਨ। ਨਿਮਾਜੀਪੁਰ ਨੇ ਕਿਹਾ ਕਿ ਮਾਨ ਦੀ ਇਤਿਹਾਸਿਕ ਜਿੱਤ ਨਾਲ ਪੰਜਾਬ ਦੇ ਲੋਕਾਂ ਅਤੇ ਖਾਸ ਕਰ ਕੇ ਸਿੱਖਾਂ ਨੂੰ ਆਸ ਬੱਝੀ ਹੈ ਕਿ ਹੁਣ ਪਾਰਲੀਮੈਂਟ ਵਿਚ ਉਨ੍ਹਾਂ ਦੇ ਮਸਲਿਆਂ ਦੀ ਉਚਿਤ ਚਰਚਾ ਹੋਵੇਗੀ।

ਜਥੇਦਾਰ ਨਿਮਾਜੀਪੁਰ ਨੇ ਕਿਹਾ ਕਿ ਮਾਨ ਦੀ ਜਿੱਤ ਨਾਲ ਸ਼ੋ੍ਮਣੀ ਅਕਾਲੀ ਦਲ (ਅੰਮਿ੍ਤਸਰ) ਸਿਆਸੀ ਤੌਰ 'ਤੇ ਊਰਜਾਵਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੱਖਾਂ ਦੇ ਹਿਤੈਸ਼ੀ ਹੋਣ ਦਾ ਮਖੌਟਾ ਪਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਸਿਆਸੀ ਰਾਹ ਵਿਚ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਸਿਮਰਨਜੀਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ ਨੇ ਸੁਖਬੀਰ ਸਿੰਘ ਬਾਦਲ ਦੇ ਮਨਸੂਬਿਆਂ ਦੀ ਫੂਕ ਕੱਢ ਦਿੱਤੀ ਸੀ। ਜਥੇਦਾਰ ਨਿਮਾਜੀਪੁਰ ਨੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਵਿਚਰਨ ਵਰਤਾਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਿਆਸੀ ਸੂਝ ਤੋਂ ਸੱਖਣੇ ਜਾਪਦੇ ਹਨ। ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। 26 ਜੂਨ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਤੋਂ ਬਾਅਦ ਤਾਂ ਬਾਦਲ ਨੂੰ ਪ੍ਰਧਾਨ ਬਣੇ ਰਹਿਣ ਦਾ ਇਖਲਾਕੀ ਤੌਰ 'ਤੇ ਕੋਈ ਹੱਕ ਨਹੀਂ ਹੈ।