ਮਹਿੰਦਰ ਰਾਮ ਫੁੱਗਲਾਣਾ, ਜਲੰਧਰ

ਦਿਹਾਤੀ ਮਜ਼ਦੂਰ ਸਭਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਭਗਵੰਤ ਮਾਨ ਸਰਕਾਰ ਦੇ ਪਲੇਠੇ ਬਜਟ ਨੂੰ ਕਿਰਤੀਆਂ, ਖਾਸ ਕਰਕੇ ਬੇਜ਼ਮੀਨੇ-ਸਾਧਨਹੀਨ ਪੇਂਡੂ ਮਜ਼ਦੂਰਾਂ ਦੀ ਘੋਰ ਅਣਦੇਖੀ ਕਰਨ ਵਾਲਾ ਨਿਰਾਸ਼ਾ ਦਾ ਪੁਲੰਦਾ ਕਰਾਰ ਦਿੱਤਾ ਹੈ। ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ ਵੱਲੋ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਹੈ ਕਿ ਵਿੱਤ ਮੰਤਰੀ ਨੇ ਅੱਜ ਦੇ ਸਮੇਂ 'ਚ ਕਿਰਤੀ ਵਰਗ, ਖਾਸ ਕਰਕੇ ਪੇਂਡੂ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਬੇਚੈਨ ਕਰ ਰਹੇ ਉਜਰਤ ਵਾਧੇ ਦੇ ਸਵਾਲ ਤੋਂ ਵੀ ਪੂਰੀ ਤਰ੍ਹਾਂ ਨਾਲ ਪਾਸਾ ਵੱਟਿਆ ਹੈ।

ਆਗੂਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਪਹਿਲਾ ਬਜਟ, ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਦੀ ਹੀ ਅਗਲੀ ਕੜੀ ਹੈ ਅਤੇ ਇਸ ਬਜਟ ਦੇ ਗਰੀਬ ਵਿਰੋਧੀ, ਧਨਵਾਨ ਪੱਖੀ ਹੋਣ ਬਾਰੇ ਪੰਜਾਬ ਵਾਸੀ ਕਿਸੇ ਭੁਲੇਖੇ 'ਚ ਨਾ ਰਹਿਣ। ਆਗੂਆਂ ਨੇ ਐਲਾਨ ਕੀਤਾ ਹੈ ਕਿ ਦਿਹਾਤੀ ਮਜ਼ਦੂਰ ਸਭਾ ਇਸ ਲੋਕ ਵਿਰੋਧੀ ਬਜਟ ਖਿਲਾਫ਼ ਜ਼ੋਰਦਾਰ ਆਜ਼ਾਦਾਨਾ ਤੇ ਸਾਂਝੇ ਸੰਘਰਸ਼ ਵਿੱਢੇਗੀ। ਉਨ੍ਹਾਂ ਸਮੂਹ ਕਿਰਤੀਆਂ ਨੂੰ ਇਸ ਕਿਰਤੀ ਮਾਰੂ ਬਜਟ ਖਿਲਾਫ਼ ਪਿੰਡ ਪੱਧਰ 'ਤੇ ਰੋਹਲੀ ਆਵਾਜ਼ ਬੁਲੰਦ ਕਰਨ ਦੀ ਸੱਦਾ ਦਿੱਤਾ ਹੈ।