- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਾਰਨ ਕਾਲਜ ਦੀ ਓਪੀਡੀ ’ਚ ਵਾਧੇ ਨਾਲ ਆਨਲਾਈਨ ਆਯੁਰਵੇਦਿਕ ਦਵਾਈਆਂ ਦੀ ਵਿਕਰੀ ਦਾ ਗ੍ਰਾਫ ਵੀ ਤੇਜ਼ੀ ਨਾਲ ਵਧਿਆ ਹੈ। ਆਯੁਰਵੇਦਿਕ ਵਿਭਾਗ ਦੇ ਇਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਤੱਕ ਪਟਿਆਲਾ ਸਥਿਤ ਆਯੁਰਵੇਦਿਕ ਫਾਰਮੇਸੀ ’ਚ ਹੀ ਦਵਾਈਆਂ ਤਿਆਰ ਹੁੰਦੀਆਂ ਸਨ ਤੇ ਜ਼ਿਲ੍ਹਾ ਪੱਧਰ ’ਤੇ ਟਰੱਕਾਂ ਭਰ ਕੇ ਵੱਖ-ਵੱਖ ਕਿਸਮ ਦੀਆਂ ਦਵਾਈਆਂ ਭੇਜੀਆਂ ਜਾਂਦੀਆਂ ਸਨ, ਜਿੱਥੋਂ ਸਬੰਧਤ ਡਿਸਪੈਂਸਰੀਆਂ ’ਚ ਸਪਲਾਈ ਹੁੰਦੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਰੀਜ਼ਾਂ ਦੇ ਇਲਾਜ ਲਈ ਦੇਸ਼ ਦੀ ਸਭ ਤੋਂ ਪੁਰਾਤਨ ਆਯੁਰਵੇਦਿਕ ਪੱਧਤੀ ਵੱਲ ਲੋਕਾਂ ਦਾ ਰੁਝਾਨ ਮੁੜ ਵੱਧ ਰਿਹਾ ਹੈ, ਪਰ ਰਾਜ ’ਚ ਪਿਛਲੇ ਦੋ ਸਾਲਾਂ ਤੋਂ ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ, ਸਿਹਤ ਕੇਂਦਰਾਂ ਤੇ ਹਸਪਤਾਲਾਂ ’ਚ ਆਯੁਰਵੇਦਿਕ ਦਵਾਈਆਂ ਦੀ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ। ਮਰੀਜ਼ ਮਜਬੂਰੀ ਵੱਸ ਨਿੱਜੀ ਡਾਕਟਰਾਂ ਕੋਲ ਮਹਿੰਗਾ ਇਲਾਜ ਕਰਵਾ ਰਹੇ ਹਨ।
ਕੁਝ ਡਿਸਪੈਂਸਰੀਆਂ ’ਚ ਪਿੰਡਾਂ ਦੇ ਸਰਪੰਚ, ਐੱਨਆਰਆਈ ਤੇ ਸੇਵਾਮੁਖੀ ਸੰਸਥਾਵਾਂ ਵੱਲੋਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਆਯੁਰਵੇਦਿਕ ਵਿਭਾਗ ਵੱਲੋਂ ਰਾਜ ’ਚ 524 ਡਿਸਪੈਂਸਰੀਆਂ, 7 ਸਿਹਤ ਕੇਂਦਰਾਂ ਤੇ 5 ਜ਼ਿਲ੍ਹਾ ਪੱਧਰੀ ਹਸਪਤਾਲਾਂ ’ਚ ਮਰੀਜ਼ਾਂ ਨੂੰ ਸੇਵਾਵਾਂ ਦੇਣ ਦਾ ਪ੍ਰਬੰਧ ਹੈ। ਹਾਲਾਂਕਿ ਵਿਭਾਗ ਵੱਲੋਂ ਦਵਾਈਆਂ ਦੀ ਖਰੀਦ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਆਯੁਸ਼ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ’ਚ ਲਗਾਤਾਰ ਵੱਧ ਰਹੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਆਯੁਰਵੇਦ ਵੱਲ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।
ਆਯੁਸ਼ ਮੰਤਰਾਲੇ ਵੱਲੋਂ ਕੈਂਪਾਂ ਲਈ ਖਾਸ ਬਜਟ ਜਾਰੀ ਕੀਤਾ ਜਾਂਦਾ ਹੈ ਤੇ ਉਨ੍ਹਾਂ ’ਚ ਲੋਕਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ, ਜਦਕਿ ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ ’ਚ ਦਵਾਈਆਂ ਨਾ ਹੋਣ ਕਾਰਨ ਲੋਕ ਨਿਰਾਸ਼ ਹੋ ਕੇ ਵਾਪਸ ਮੁੜਦੇ ਹਨ। ਦਯਾਨੰਦ ਆਯੁਰਵੇਦਿਕ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਆਯੁਰਵੇਦ ਨੂੰ ਲੈ ਕੇ ਲੋਕਾਂ ’ਚ ਲਗਾਤਾਰ ਰੁਝਾਨ ਵੱਧ ਰਿਹਾ ਹੈ। ਲੋਕ ਸਰੀਰ ਨੂੰ ਤੰਦਰੁਸਤ ਰੱਖਣ ਤੋਂ ਲੈ ਕੇ ਬਿਮਾਰੀਆਂ ਦੇ ਇਲਾਜ ਲਈ ਆਯੁਰਵੇਦਿਕ ਪੱਧਤੀ ਅਪਣਾ ਰਹੇ ਹਨ।
ਇਸ ਕਾਰਨ ਕਾਲਜ ਦੀ ਓਪੀਡੀ ’ਚ ਵਾਧੇ ਨਾਲ ਆਨਲਾਈਨ ਆਯੁਰਵੇਦਿਕ ਦਵਾਈਆਂ ਦੀ ਵਿਕਰੀ ਦਾ ਗ੍ਰਾਫ ਵੀ ਤੇਜ਼ੀ ਨਾਲ ਵਧਿਆ ਹੈ। ਆਯੁਰਵੇਦਿਕ ਵਿਭਾਗ ਦੇ ਇਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਤੱਕ ਪਟਿਆਲਾ ਸਥਿਤ ਆਯੁਰਵੇਦਿਕ ਫਾਰਮੇਸੀ ’ਚ ਹੀ ਦਵਾਈਆਂ ਤਿਆਰ ਹੁੰਦੀਆਂ ਸਨ ਤੇ ਜ਼ਿਲ੍ਹਾ ਪੱਧਰ ’ਤੇ ਟਰੱਕਾਂ ਭਰ ਕੇ ਵੱਖ-ਵੱਖ ਕਿਸਮ ਦੀਆਂ ਦਵਾਈਆਂ ਭੇਜੀਆਂ ਜਾਂਦੀਆਂ ਸਨ, ਜਿੱਥੋਂ ਸਬੰਧਤ ਡਿਸਪੈਂਸਰੀਆਂ ’ਚ ਸਪਲਾਈ ਹੁੰਦੀ ਸੀ।
ਰਾਜ ਸਰਕਾਰ ਵੱਲੋਂ ਫਾਰਮੇਸੀ ਨੂੰ ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ (ਡੀਆਰਐੱਮਈ) ਨੂੰ ਸ਼ਿਫਟ ਕਰਨ ਤੋਂ ਬਾਅਦ ਦਵਾਈਆਂ ਦਾ ਨਿਰਮਾਣ ਬੰਦ ਹੋ ਗਿਆ, ਜਿਸ ਕਾਰਨ ਕਮੀ ਪੈ ਗਈ। ਇਸ ਮਾਮਲੇ ਨੂੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀ ਵੀ ਗੰਭੀਰ ਨਹੀਂ ਹਨ ਤੇ ਲੋਕਾਂ ਦੀ ਸਮੱਸਿਆ ਨੂੰ ਮੰਤਰਾਲੇ ਤੇ ਸਕੱਤਰਾਲੇ ਤੱਕ ਪਹੁੰਚਾਉਣ ’ਚ ਨਾਕਾਮ ਰਹੇ ਹਨ।
ਆਯੁਰਵੇਦਿਕ ਵਿਭਾਗ ਦੇ ਡਾਇਰੈਕਟਰ ਡਾ. ਰਮਨ ਖੰਨਾ ਨੇ ਮੰਨਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਆਯੁਰਵੇਦਿਕ ਦਵਾਈਆਂ ਦੀ ਸਪਲਾਈ ਨਹੀਂ ਆਈ। ਪਟਿਆਲਾ ਦੀ ਸਰਕਾਰੀ ਆਯੁਰਵੇਦਿਕ ਫਾਰਮੇਸੀ ਡੀਆਰਐੱਮਈ ਨੂੰ ਸੌਂਪਣ ਤੋਂ ਬਾਅਦ ਦਵਾਈਆਂ ਨਾ ਤਿਆਰ ਹੋਈਆਂ ਤੇ ਨਾ ਹੀ ਸਪਲਾਈ ਹੋਈ, ਜਿਸ ਕਾਰਨ ਡਿਸਪੈਂਸਰੀਆਂ ’ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲੇ ਤੇ ਪੰਜਾਬ ਸਰਕਾਰ ਦੀ ਸਾਂਝੀ ਯੋਜਨਾ ਤਹਿਤ ਦਵਾਈਆਂ ਦੀ ਖਰੀਦ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਅਗਲੇ ਦੋ ਮਹੀਨਿਆਂ ’ਚ ਸਰਕਾਰੀ ਡਿਸਪੈਂਸਰੀਆਂ ’ਚ ਦਵਾਈਆਂ ਦੀ ਕਮੀ ਦੂਰ ਕਰ ਦਿੱਤੀ ਜਾਵੇਗੀ।