ਜੇਐੱਨਐੱਨ, ਜਲੰਧਰ : ਪੀਰ ਬੋਦਲਾਂ ਬਾਜ਼ਾਰ 'ਚ ਸ਼ੁੱਕਰਵਾਰ ਦੇਰ ਰਾਤ ਤਾਰ ਦੀ ਲਪੇਟ 'ਚ ਆਉਣ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਭੜਕੇ ਦੁਕਾਨਦਾਰਾਂ ਨੇ ਸ਼ਨਿਚਰਵਾਰ ਸਵੇਰੇ ਪਾਵਰਕਾਮ ਦਾ ਪੁਤਲਾ ਫੂਕਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਕਈ ਵਾਰ ਸਮੱਸਿਆ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਅਧਿਕਾਰੀਆਂ ਨੇ ਕੋਈ ਹੱਲ ਨਹੀਂ ਕੱਢਿਾ ਜਿਸ ਕਾਰਨ ਦੋ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਪਹਿਲਾਂ ਵੀ ਦੋ ਦੁਕਾਨਾਂ 'ਚ ਅੱਗ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ।

ਕਾਬਿਲੇਗ਼ੌਰ ਹੈ ਕਿ ਸ਼ੁੱਕਰਵਾਰ ਦੇਰ ਰਾਤ ਸ਼ੁਰੂ ਹੋਈ ਬਾਰਿਸ਼ ਤੇ ਚੱਲੀ ਹਨੇਰੀ ਪਿਓ-ਪੁੱਤਰ 'ਤੇ ਕਹਿਰ ਬਣ ਕੇ ਟੁੱਟੀ ਸੀ। ਸ਼ੁੱਕਰਵਾਰ ਰਾਤ ਨੂੰ ਪੀਰ ਬੋਦਲਾਂ ਬਾਜ਼ਾਰ ਦੀ ਤਾਰ ਡਿੱਗਣ ਨਾਲ ਪਿਓ-ਪੁੱਤਰ ਨੂੰ ਕਰੰਟ ਲੱਗ ਗਿਆ। ਹਾਲਾਂਕਿ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਡੰਡੇ ਦੀ ਮਦਦ ਨਾਲ ਉਨ੍ਹਾਂ ਨੂੰ ਤਾਰ ਨਾਲੋਂ ਵੱਖ ਕੀਤਾ ਤੇ ਈਐੱਸਆਈ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਸੀ। ਮਾਮਲੇ ਦੀ ਸੂਚਨਾ ਮਿਲਣ 'ਤੇ ਵਿਧਾਇਕ ਰਾਜਿੰਦਰ ਬੇਰੀ ਵੀ ਹਸਪਤਾਲ ਪਹੁੰਚੇ ਸਨ।

ਤੇਲ ਵਾਲੀ ਗਲੀ (ਛੋਟਾ ਅਲੀ ਮੁਹੱਲਾ) ਵਾਸੀ ਗੁਲਸ਼ਨ ਪੱਕਾ ਬਾਗ 'ਚ ਇਕ ਫੋਟੋ ਫਰੇਮ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸਨੂੰ ਲੈਣ ਲਈ ਰੋਜ਼ਾਨਾ ਉਸਦਾ 13 ਸਾਲ ਦਾ ਬੇਟਾ ਮਨ, ਜੋ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ 'ਚ ਪੰਜਵੀਂ ਕਲਾਸ 'ਚ ਪੜ੍ਹਦਾ ਸੀ, ਦੁਕਾਨ 'ਤੇ ਜਾਂਦਾ ਸੀ। ਸ਼ੁੱਕਰਵਾਰ ਨੂੰ ਵੀ ਉਹ ਆਪਣੇ ਪਿਤਾ ਦੇ ਨਾਲ ਦੁਕਾਨ ਤੋਂ ਘਰ ਵਾਪਸ ਰਿਹਾ ਸੀ। ਪੈਦਲ ਵਾਪਸ ਆਉਂਦੇ ਸਮੇਂ ਉਹ ਪੀਰ ਬੋਦਲਾ ਬਾਜ਼ਾਰ 'ਚ ਪਹੁੰਚੇ ਸੀ ਕਿ ਅਚਾਨਕ ਉਨ੍ਹਾਂ ਦੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਟੁੱਟ ਗਈ। ਦੋਵੇਂ ਉਸਦੀ ਲਪੇਟ 'ਚ ਆ ਗਏ।

ਇਸ ਮਾਮਲੇ 'ਚ ਥਾਣਾ ਚਾਰ ਦੇ ਇੰਚਾਰਜ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਕੁਦਰਤੀ ਆਫ਼ਤ ਕਾਰਨ ਦੋਵਾਂ ਦੀ ਮੌਤ ਹੋਈ ਹੈ, ਇਸ 'ਚ ਪੁਲਿਸ ਕਾਰਵਾਈ ਨਹੀਂ ਬਣਦੀ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਉਧਰ, ਐਡਵੋਕੇਟ ਵਿਨੈ ਸ਼ਰਮਾ ਨੇ ਦੱਸਿਆ ਕਿ ਪੀੜਤ ਪਰਿਵਾਰ ਚਾਹੇ ਤਾਂ ਇਸਦੀ ਸ਼ਿਕਾਇਤ ਦੇ ਸਕਦਾ ਹੈ ਕਿ ਪਾਵਰਕਾਮ ਦੀ ਲਾਪਰਵਾਹੀ ਹੈ ਅਤੇ ਪੁਲਿਸ ਵੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰੇਗੀ।

Posted By: Seema Anand