ਰਾਕੇਸ ਗਾਂਧੀ, ਜਲੰਧਰ : ਗਲੋਬ ਕਾਲੋਨੀ 'ਚ ਫੈਕਟਰੀ ਦੇ ਇਕ ਕਾਮੇ ਨੂੰ ਲਾਗੇ ਪੈਂਦੀ ਇਕ ਦੁਕਾਨ ਦੇ ਮਾਲਕ ਤੇ ਉਸ ਦੇ ਘਰ ਵਾਲਿਆਂ ਵੱਲੋਂ ਇਸ ਲਈ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ ਕਿਉਂਕਿ ਕਾਮੇ ਦੇ ਮਾਲਕ ਵੱਲੋਂ ਦੁਕਾਨਦਾਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਨਿਗਮ 'ਚ ਦਿੱਤੀ ਸੀ।

ਰਾਕੇਸ਼ ਮਿਲਕ ਬਾਰ ਦੇ ਮਾਲਕ ਰਾਕੇਸ਼ ਕੁਮਾਰ ਵੱਲੋਂ ਦੁਕਾਨ ਅੱਗੇ ਸੜਕ 'ਤੇ ਪਿੱਲਰ ਪਾ ਕੇ ਚਾਰ ਫੁੱਟ ਦਾ ਲੈਂਟਰ ਪਾ ਕੇ ਸੜਕ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਲਾਗੇ ਪੈਂਦੀ ਹੀਰਾ ਇੰਟਰਨੈਸ਼ਨਲ ਫੈਕਟਰੀ ਤੇ ਗਲੋਬ ਕਾਲੋਨੀ ਸੁਸਾਇਟੀ ਵੱਲੋਂ ਨਿਗਮ 'ਚ ਦਿੱਤੀ ਗਈ ਸੀ। ਸ਼ਿਕਾਇਤ ਦੀ ਜਾਂਚ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਹੀਰਾ ਇੰਟਰਨੈਸ਼ਨਲ ਫੈਕਟਰੀ ਦਾ ਕਾਮਾ ਗਣੇਸ਼ ਕੁਮਾਰ, ਰਾਕੇਸ਼ ਮਿਲਕ ਬਾਰ 'ਤੇ ਕੋਈ ਸਾਮਾਨ ਖਰੀਦਣ ਗਿਆ ਤਾਂ ਦੁਕਾਨਦਾਰ ਰਾਕੇਸ਼ ਕੁਮਾਰ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਉਸ ਦੇ ਮਾਲਕ ਵੱਲੋਂ ਨਾਜਾਇਜ਼ ਸ਼ਿਕਾਇਤ ਕੀਤੀ ਗਈ ਹੈ ਤਾਂ ਗਣੇਸ਼ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਏਨਾ ਕਹਿਣ 'ਤੇ ਰਾਕੇਸ਼ ਕੁਮਾਰ ਉਸ ਨੂੰ ਕੁੱਟਣ ਲੱਗ ਪਿਆ। ਕੁੱਟਮਾਰ 'ਚ ਰਾਕੇਸ਼ ਦੀ ਪਤਨੀ ਤੇ ਪੁੱਤਰ ਨੇ ਵੀ ਉਸ ਦਾ ਸਾਥ ਦਿੱਤਾ ਤੇ ਰਾਡ ਨਾਲ ਉਸ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਫੈਕਟਰੀ 'ਚ ਜਾ ਕੇ ਆਪਣੇ ਮਾਲਕਾਂ ਨੂੰ ਦੱਸਿਆ, ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜ਼ਖਮੀ ਗਨੇਸ਼ ਦੇ ਟਾਂਕੇ ਲਾਏ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ-8 ਦੀ ਪੁਲਿਸ ਸਿਵਲ ਹਸਪਤਾਲ ਪੁੱਜੀ ਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਗਣੇਸ਼ ਕੁਮਾਰ ਦੇ ਬਿਆਨਾਂ 'ਤੇ ਰਾਕੇਸ਼ ਕੁਮਾਰ, ਉਸ ਦੀ ਪਤਨੀ ਤੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।