ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਮੋਤਾ ਸਿੰਘ ਨਗਰ ਤੇ ਬੜਿੰਗ ਵਿਖੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ। ਉਕਤ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਐੱਮਟੀਪੀ ਲਖਵੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਬੁੱਧਵਾਰ ਨੂੰ ਮੋਤਾ ਸਿੰਘ ਨਗਰ ਦੀ ਮਾਰਕੀਟ ਵਿਚ ਇਕ ਸ਼ਾਪ-ਕਮ-ਆਫਿਸ ਦੀ ਨਾਜਾਇਜ਼ ਕੀਤੀ ਗਈ ਉਸਾਰੀ ਢਾਹ ਦਿੱਤੀ। ਨਿਗਮ ਨੇ ਸ਼ਾਪ-ਕਮ-ਆਫਿਸ ਦੀ ਛੱਤ 'ਤੇ ਕੀਤੀ ਉਸਾਰੀ ਤੇ ਨਾਜਾਇਜ਼ ਪੌੜੀਆਂ ਡਿਚ ਮਸ਼ੀਨ ਨਾਲ ਢਾਹ ਦਿੱਤੀਆਂ, ਜਦੋਂਕਿ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ। ਐੱਮਟੀਪੀ ਅਨੁਸਾਰ ਬਿਲਡਿੰਗ ਵੀ ਨਾਜਾਇਜ਼ ਤੌਰ 'ਤੇ ਉਸਾਰੀ ਗਈ ਸੀ, ਜਿਸ ਦਾ ਨਕਸ਼ਾ ਆਦਿ ਪਾਸ ਨਹੀਂ ਕਰਵਾਇਆ ਗਿਆ ਸੀ। ਇਹ ਕਾਰਵਾਈ ਏਟੀਪੀ ਵਿਕਾਸ ਦੁਆ ਅਤੇ ਇੰਸਪੈਕਟਰ ਰੁਪਿੰਦਰ ਸਿੰਘ ਟਿਵਾਣਾ ਨੇ ਕੀਤੀ। ਟਿਵਾਣਾ ਅਨੁਸਾਰ ਉਕਤ ਕਮਰਸ਼ੀਅਲ ਇਮਾਰਤ ਦੇ ਮਾਲਕ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਉਹ ਨਿਗਮ ਦਫ਼ਤਰ ਨਹੀਂ ਆਇਆ, ਜਿਸ ਕਾਰਨ ਨਗਰ ਨਿਗਮ ਨੇ ਬੁੱਧਵਾਰ ਨੂੰ ਕਾਰਵਾਈ ਕਰ ਦਿੱਤੀ।

-----

-ਬੜਿੰਗ 'ਚ ਨਾਜਾਇਜ਼ ਕਾਲੋਨੀ 'ਤੇ ਕਾਰਵਾਈ ਰੁਕੀ

ਬਿਲਡਿੰਗ ਬ੍ਰਾਂਚ ਦੀ ਟੀਮ ਨੇ ਦੁਪਹਿਰ ਬਾਅਦ ਬੜਿੰਗ 'ਚ ਕੱਟੀ ਗਈ ਨਾਜਾਇਜ਼ ਕਾਲੋਨੀ ਵਿਰੁੱਧ ਹਾਲੇ ਕਾਰਵਾਈ ਸ਼ੁਰੂ ਕੀਤੀ ਸੀ ਤੇ ਡਿਚ ਰਾਹੀਂ ਥੋੜ੍ਹੀ ਬਹੁਤ ਭੰਨ੍ਹਤੋੜ ਕੀਤੀ ਸੀ ਕਿ ਕਾਲੋਨੀ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੇ ਕਾਲੋਨੀ ਰੈਗੂਲਰ ਕਰਵਾਉਣ ਲਈ ਨਗਰ ਨਿਗਮ ਵਿਚ ਫੀਸ ਜਮ੍ਹਾਂ ਕਰਵਾ ਰੱਖੀ ਹੈ, ਜਿਸ ਨੂੰ ਦੇਖਦੇ ਹੋਏ ਮਾਲਕ ਨੂੰ ਵੀਰਵਾਰ ਨੂੰ ਨਗਰ ਨਿਗਮ ਆ ਕੇ ਰਸੀਦਾਂ ਦਿਖਾਉਣ ਲਈ ਕਹਿ ਕੇ ਉਸ ਨੂੰ ਇਕ ਦਿਨ ਦੀ ਮੋਹਲਤ ਦੇ ਕੇ ਕਾਰਵਾਈ ਬੰਦ ਕਰ ਦਿੱਤੀ ਤੇ ਨਿਗਮ ਦੀ ਟੀਮ ਵਾਪਸ ਆ ਗਈ। ਇਸ ਟੀਮ ਵਿਚ ਵਿਕਾਸ ਦੁਆ, ਇੰਸਪੈਕਟਰ ਅਜੀਤ ਸ਼ਰਮਾ, ਰੁਪਿੰਦਰ ਸਿੰਘ ਟਿਵਾਣਾ ਤੇ ਨਿਗਮ ਪੁਲਿਸ ਮੌਜੂਦ ਸੀ। ਇਸੇ ਤਰ੍ਹਾਂ ਅਵਤਾਰ ਨਗਰ ਵਿਚ ਵੀ ਇਕ ਤਿੰਨ ਮੰਜ਼ਿਲਾ ਨਾਜਾਇਜ਼ ਇਮਾਰਤ ਦਾ ਕੰਮ ਰੁਕਵਾਇਆ ਗਿਆ। ਇਹ ਕਾਰਵਾਈ ਏਟੀਪੀ ਸਤੀਸ਼ ਮਲਹੋਤਰਾ ਵੱਲੋਂ ਕੀਤੀ ਗਈ।

-----

-ਨਿਗਮ ਕਮਿਸ਼ਨਰ ਨੇ ਮੌਕਾ ਦੇਖਣ ਤੋਂ ਬਾਅਦ ਕਾਰਵਾਈ ਦੇ ਦਿੱਤੇ ਹੁਕਮ

ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਨੇ ਮੰਗਲਵਾਰ ਨੂੰ ਮੋਤਾ ਸਿੰਘ ਨਗਰ ਅਤੇ ਬੜਿੰਗ ਵਿਖੇ ਨਾਜਾਇਜ਼ ਉਸਾਰੀਆਂ ਦਾ ਮੌਕਾ ਦੇਖਣ ਤੋਂ ਬਾਅਦ ਉਕਤ ਦੋਵੇਂ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਵੀਰਵਾਰ ਨੂੰ ਬਿਲਡਿੰਗ ਬ੍ਰਾਂਚ ਨੇ ਕਾਰਵਾਈ ਕੀਤੀ। ਵਰਨਣਯੋਗ ਹੈ ਕਿ ਬੀਤੀ 10 ਦਸੰਬਰ ਨੂੰ ਸਾਬਕਾ ਅਕਾਲੀ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਬੜਿੰਗ ਤੇ ਰਾਮਾ ਮੰਡੀ ਵਿਚ ਕਾਂਗਰਸੀ ਕੌਂਸਲਰਾਂ ਵੱਲੋਂ ਕੀਤੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ ਦਾ ਖੁਲਾਸਾ ਪੱਤਰਕਾਰਾਂ ਸਾਹਮਣੇ ਕੀਤਾ ਸੀ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਐੱਮਟੀਪੀ ਲਖਵੀਰ ਸਿੰਘ ਨਾਲ ਮੌਕਾ ਦੇਖਣ ਲਈ ਭੇਜਿਆ ਸੀ। ਜੁਆਇੰਟ ਕਮਿਸ਼ਨਰ ਨੇ ਰਾਮਾ ਮੰਡੀ ਦੀਆਂ ਨਾਜਾਇਜ਼ ਉਸਾਰੀਆਂ ਤੇ ਬੜਿੰਗ ਦੀਆਂ ਨਾਜਾਇਜ਼ ਕਾਲੋਨੀਆਂ ਦੀਆਂ ਰਿਪੋਰਟਾਂ ਮੰਗੀਆਂ ਸਨ। ਉਸ ਤੋਂ ਬਾਅਦ ਬੜਿੰਗ ਦੀ ਨਾਜਾਇਜ਼ ਕਾਲੋਨੀ ਵਿਰੁੱਧ ਹੀ ਕਾਰਵਾਈ ਹੋਈ ਹੈ ਤੇ ਬਾਕੀਆਂ ਨੂੰ ਨੋਟਿਸ ਹੀ ਜਾਰੀ ਕੀਤੇ ਗਏ ਸਨ।