ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ 7 ਦੀ ਹੱਦ ਵਿਚ ਪੈਂਦੇ ਅਰਬਨ ਸਟੇਟ ਵਿਚ ਸਥਿਤ ਗੋਲਡਨ ਐਵੇਨਿਊ ਦੀ ਮਾਰਕਿਟ ਵਿਚ ਸ਼ੁੱਕਰਵਾਰ ਸ਼ਾਮ 2 ਨੌਜਵਾਨ ਦੁਕਾਨਦਾਰ ਉੱਪਰ ਹਮਲਾ ਕਰਨ ਤੋਂ ਬਾਅਦ ਉਸ ਦੀਆਂ ਅੱਖਾਂ ਵਿਚ ਮਿਰਚੀ ਸਪਰੇਅ ਪਾ ਕੇ ਉਸ ਦੀ ਚੇਨ, ਮੋਬਾਇਲ, ਨਕਦੀ ਤੇ ਕੱਪੜੇ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਊਟਫਿੱਟ ਕਲੈਕਸ਼ਨ ਗੋਲਡਨ ਐਵੇਨਿਊ ਅਰਬਨ ਸਟੇਟ ਦੇ ਮਾਲਿਕ ਸੁਰਜੀਤ ਨੇ ਦੱਸਿਆ ਕਿ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਦੋ ਨੌਜਵਾਨ ਉਸ ਦੀ ਦੁਕਾਨ ਉੱਪਰ ਆਏ ਤੇ ਕੱਪੜੇ ਪਸੰਦ ਕਰਨ ਲੱਗ ਪਏ। ਉਨ੍ਹਾਂ ਨੇ ਦੋ ਕੱਪੜੇ ਪਸੰਦ ਕੀਤੇ ਤੇ ਉਹ ਲੈ ਕੇ ਟਰਾਈ ਰੂਮ ਵੱਲ ਚਲੇ ਗਏ। ਟ੍ਰਾਈ ਹੋਮ ਲਾਗੇ ਜਾ ਕੇ ਉਨ੍ਹਾਂ ਨੇ ਉਸ ਨੂੰ ਆਵਾਜ਼ ਲਗਾਈ। ਜਦ ਉਹ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਇਕ ਦਮ ਉਸ ਉੱਪਰ ਹਮਲਾ ਕਰ ਦਿੱਤਾ ਤੇ ਚਾਕੂ ਕੱਢ ਕੇ ਉਸ ਦੇ ਗਲੇ ਉੱਤੇ ਰੱਖ ਦਿੱਤਾ। ਦੋਵੇਂ ਨੌਜਵਾਨਾਂ ਨੇ ਉਸ ਤੋਂ ਬਾਅਦ ਉਸ ਦੀਆਂ ਅੱਖਾਂ ਵਿਚ ਮਿਰਚੀ ਸਪਰੇਅ ਪਾ ਦਿੱਤੀ ਅਤੇ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ, ਮੋਬਾਈਲ ਤੇ ਗੱਲ਼ੇ ਵਿੱਚੋਂ 15 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਸੁਰਜੀਤ ਨੇ ਦੱਸਿਆ ਕਿ ਜਾਂਦੇ ਜਾਂਦੇ ਉਹ ਨੌਜਵਾਨ ਪਸੰਦ ਕੀਤੇ ਹੋਏ ਕੱਪੜੇ ਵੀ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਸੱਤ ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਆਲ਼ੇ-ਦੁਆਲ਼ੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।