ਰਾਕੇਸ਼ ਗਾਂਧੀ, ਜਲੰਧਰ : ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਐਤਵਾਰ ਨੂੰ ਸ਼ਿਵ ਸੈਨਿਕਾਂ ਨੇ ਸ਼ਹਿਰ ਵਿਚ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਸ਼ਹਿਰ ਦੇ ਕਈ ਹਿੱਸਿਆਂ ਵਿਚ ਦੁਕਾਨਾਂ ਨੂੰ ਬੰਦ ਕਰਵਾਇਆ ਤੇ ਸੱਟੇਬਾਜ਼ਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੱਟੇਬਾਜ਼ ਉਨ੍ਹਾਂ ਲਾਟਰੀਆਂ 'ਤੇ ਸੱਟੇਬਾਜ਼ੀ ਕਰਵਾ ਰਹੇ ਹਨ ਜਿਨ੍ਹਾਂ ਲਾਟਰੀਆਂ ਦਾ ਪੰਜਾਬ ਸਰਕਾਰ ਨਾਲ ਕੋਈ ਸੰਬੰਧ ਨਹੀਂ। ਵੱਡੇ ਸੱਟੇਬਾਜ਼ਾਂ ਦੀ ਮਿਲੀ ਭੁਗਤ ਨਾਲ ਸੱਟੇਬਾਜ਼ ਸ਼ਹਿਰ ਦੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਖ਼ੁਦ ਹੀ ਇਨ੍ਹਾਂ ਲਾਟਰਿਆਂ ਦਾ ਡਰਾਅ ਕੱਢ ਕੇ ਆਪਣੇ ਮਨ ਮਰਜ਼ੀ ਦੇ ਨੰਬਰ ਨਿਕਾਲ ਕੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ ਆਪਣੇ ਘਰ ਭਰ ਰਹੇ ਹਨ। ਇਸ਼ਾਂਤ ਨੇ ਦੱਸਿਆ ਕਿ ਇਨ੍ਹਾਂ ਸੱਟੇਬਾਜ਼ਾਂ ਕਾਰਨ ਕਈ ਗਰੀਬ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ ਤੇ ਕਈ ਲੋਕ ਆਤਮ-ਹੱਤਿਆ ਕਰਨ ਲਈ ਵੀ ਮਜ਼ਬੂਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਖ਼ਿਲਾ ਸ਼ਿਵ ਸੈਨਾ ਹਿੰਦ ਨੇ ਮੋਰਚਾ ਖੋਲ੍ਹਦੇ ਹੋਏ ਐਤਵਾਰ ਬਸਤੀ ਅੱਡੇ 'ਤੇ ਪੈਂਦੀਆਂ ਚਾਰ ਦੁਕਾਨਾਂ ਤੇ ਵਰਕਸ਼ਾਪ ਚੌਕ ਲਾਗੇ ਪੈਂਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਸ਼ਿਵ ਸੈਨਾ ਅਜਿਹੇ ਸੱਟੇਬਾਜ਼ਾਂ ਦੇ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗੀ। ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਸੁਭਾਸ਼ ਮਹਾਜਨ, ਵਿਨੈ ਕਪੂਰ, ਸੂਰਜ, ਸੋਹਿਤ ਸ਼ਰਮਾ, ਮੋਹਿਤ ਵਰਮਾ, ਸੰਨੀ ਤੇ ਹੋਰ ਵੀ ਮੌਜੂਦ ਸਨ। ਜਦ ਸ਼ਿਵ ਸੈਨਾ ਹਿੰਦ ਦੇ ਮੈਂਬਰ ਬਸਤੀ ਅੱਡੇ ਦੇ ਸਥਿਤ ਇਕ ਸੱਟੇਬਾਜ਼ੀ ਦੀ ਦੁਕਾਨ 'ਤੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਥਾਣਾ ਨੰਬਰ ਚਾਰ ਦੀ ਪੁਲਿਸ ਮੌਕੇ 'ਤੇ ਪੁੱਜ ਗਈ ਪਰ ਉਦੋਂ ਤਕ ਸੱਟੇਬਾਜ਼ ਆਪਣੀ ਦੁਕਾਨ ਛੱਡ ਕੇ ਭੱਜ ਗਿਆ। ਪੁਲਿਸ ਨੇ ਉਸ ਦੁਕਾਨ ਵਿਚੋਂ ਦੜੇ-ਸੱਟੇ ਦੀਆਂ ਪਰਚੀਆਂ, ਨਕਦੀ ਤੇ ਸੱਟੇਬਾਜ਼ੀ ਨਾਲ ਸਬੰਧਿਤ ਹੋਰ ਸਾਮਾਨ ਬਰਾਮਦ ਕੀਤਾ।