ਮਦਨ ਭਾਰਦਵਾਜ, ਜਲੰਧਰ

ਵਾਰਡ 76 ਦੇ ਲੋਕ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਹਨ ਤੇ ਮਾਤਾ ਸੰਤ ਕੌਰ ਨਗਰ ਵਿਚ ਸੀਵਰੇਜ ਬੰਦ ਹੋਣ ਕਾਰਨ ਚਾਰੇ ਪਾਸੇ ਪਾਣੀ ਭਰਿਆ ਹੋਣ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਜੂਦਾ ਮੌਸਮ ਦੌਰਾਨ ਡੇਂਗੂ ਅਤੇ ਵਾਇਰਲ ਬੁਖ਼ਾਰ ਤਾਂ ਪਹਿਲਾਂ ਹੀ ਫੈਲਿਆ ਹੋਇਆ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਫੈਲਣ ਕਾਰਨ ਜਿਥੇ ਮੱਛਰ ਪੈ ਹੋ ਗਏ ਹਨ, ਉਥੇ ਮਲੇਰੀਆ ਫੈਲਣ ਦੀ ਸੰਭਾਵਨਾ ਹੈ। ਇਲਾਕਾ ਨਿਵਾਸੀ ਸੂਰਜ ਠਾਕੁਰ ਨੇ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਬਾਰੇ ਕਈ ਵਾਰ ਨਗਰ ਨਿਗਮ ਜਾ ਕੇ ਮੇਅਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਤਾਂ ਦਿੱਤਾ ਪਰ ਕੰਮ ਨਹੀਂ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਡ ਦੇ ਕੌਂਸਲਰ ਵੀ ਕਾਂਗਰਸ ਦੇ ਹੀ ਹਨ ਤੇ ਜੇ ਉਨ੍ਹਾਂ ਦੇ ਕਹਿਣ 'ਤੇ ਵੀ ਕੰਮ ਨਹੀਂ ਹੋ ਰਿਹਾ ਤਾਂ ਫਿਰ ਵਿਰੋਧੀ ਧਿਰ ਦੀ ਕੀ ਸੁਣਵਾਈ ਹੁੰਦੀ ਹੋਵੇਗੀ। ਇਹ ਵਰਨਣਯੋਗ ਹੈ ਕਿ ਉਕਤ ਵਾਰਡ ਦੇ ਕੌਂਸਲਰ ਲਖਵੀਰ ਸਿੰਘ ਬਾਜਵਾ ਹਨ ਅਤੇ ਉਹ ਵੀ ਸੀਵਰੇਜ ਦੀ ਸਮੱਸਿਆ ਨੂੰੂ ਲੈ ਕੇ ਜਿਥੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਚੁੱਕੇ ਹਨ ਤੇ ਵੈਸਟ ਹਲਕੇ ਦੇ ਵਿਧਾਇਕ ਵੀ ਅਧਿਕਾਰੀਆਂ ਨੂੰ ਅਨੇਕਾਂ ਵਾਰ ਬੁਲਾ ਕੇ ਸੀਵਰੇਜ ਸਮੱਸਿਆ ਦਾ ਹੱਲ ਕਰਨ ਲਈ ਕਹਿ ਚੁੱਕੇ ਹਨ, ਪਰ ਅਧਿਕਾਰੀ ਵਿਧਾਇਕ ਤੇ ਕੌਂਸਲਰ ਦੀ ਵੀ ਪਰਵਾਹ ਨਹੀਂ ਕਰਦੇ। ਇਸ ਦੌਰਾਨ ਸੂਰਜ ਠਾਕੁਰ ਨਾਲ ਰਾਜ ਕੁਮਾਰ ਗੁਪਤਾ, ਪਵਨ ਕੁਮਾਰ, ਦੀਪਕ ਠਾਕੁਰ, ਮੁਨੀਸ਼, ਲਾਲਾ ਰਾਮ, ਸ਼ਿਵ ਲਾਲ ਮੋਰਿਆ ਆਦਿ ਵੀ ਮੌਜੂਦ ਸਨ।

ਵਾਰਡ 75 ਦੇ ਲੈਦਰ ਕੰਪਲੈਕਸ 'ਚ ਫਿਰ ਪੈਦਾ ਹੋਈ ਸੀਵਰੇਜ ਸਮੱਸਿਆ

ਇਸੇ ਤਰ੍ਹਾਂ ਹੀ ਵਾਰਡ ਨੰਬਰ 75 ਦੀ ਲੈਦਰ ਕੰਪਲੈਕਸ ਆਬਾਦੀ ਵਿਚ ਸੀਵਰੇਜ ਬੰਦ ਹੋਣ ਕਾਰਨ ਗਲੀ ਮੁਹੱਲਿਆਂ ਵਿਚ ਪ੍ਰਦੂਸ਼ਤ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਸਮੱਸਿਆ ਵਾਰਡ ਨੰਬਰ 76 ਤੋਂ ਵੀ ਵੱਡੀ ਹੈ। ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਲੋਕ ਮੇਅਰ ਨੂੰ ਮਿਲੇ ਤੇ ਇਸ ਦਾ ਅਸਥਾਈ ਪ੍ਰਬੰਧ ਹੀ ਹੁੰਦਾ ਰਿਹਾ ਤੇ ਸਥਾਈ ਹੱਲ ਅਜੇ ਤਕ ਨਹੀਂ ਹੋ ਸਕਿਆ।

ਕਾਲਾ ਸੰਿਘਆ ਡਰੇਨ 'ਚ ਸੀਵਰੇਜ ਦਾ ਪਾਣੀ ਬੰਦ ਹੋਣ ਕਾਰਨ ਪੈਦਾ ਹੋਈ ਸਮੱਸਿਆ

ਇਸ ਦੌਰਾਨ ਕੁਝ ਸਮੇਂ ਲਈ ਨਗਰ ਨਿਗਮ ਨੇ ਉਕਤ ਸਮੱਸਿਆ ਦਾ ਅਸਥਾਈ ਹੱਲ ਕਰਨ ਲਈ ਕਾਲਾ ਸੰਿਘਆ ਡਰੇਨ ਵਿਚ ਲੈਦਰ ਕੰਪਲੈਕਸ ਤੇ ਆਸਪਾਸ ਦੀਆਂ ਆਬਾਦੀਆਂ ਦਾ ਸੀਵਰੇਜ ਦਾ ਪਾਣੀ ਸੁੱਟਣ ਦੀ ਆਗਿਆ ਨੈਸ਼ਨਲ ਗ੍ਰੀਨ ਟਿ੍ਬਿਊਨਲ ਤੋਂ ਲਈ ਸੀ ਅਤੇ ਇਹ ਇਜ਼ਾਜਤ ਅਗਸਤ ਮਹੀਨੇ ਦੇ ਅੰਤ ਵਿਚ 30 ਸਤੰਬਰ ਤਕ ਟਿ੍ਬਿਉਨਲ ਵੱਲੋਂ ਦਿੱਤੀ ਗਈ ਸੀ ਤੇ 30 ਸਤੰਬਰ ਤੋਂ ਕਾਲਾ ਸੰਿਘਆ ਡਰੇਨ ਵਿਚ ਸੀਵਰੇਜ ਦਾ ਪਾਣੀ ਪਾਉਣਾ ਬੰਦ ਹੋਣ ਕਾਰਨ ਉਕਤ ਆਬਾਦੀਆਂ ਵਿਚ ਸਮੱਸਿਆ ਪੈਦਾ ਹੋ ਗਈ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਦੋ ਐੱਸਟੀਪੀ 50 ਐੱਮਐੱਲਡੀ ਫੋਲੜੀਵਾਲ ਅਤੇ 15 ਐੱਮਐੱਲਡੀ ਦਾ ਬਸਤੀ ਪੀਰਦਾਦ ਵਿਖੇ ਬਣਾਇਆ ਜਾ ਰਿਹਾ ਹੈ ਅਤੇ ਇਸ ਕੰਮ ਨੂੰ ਲਗਪਗ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਉਸ ਤੋਂ ਬਾਅਦ ਹੀ ਉਕਤ ਸਮੱਸਿਆ ਦਾ ਸਥਾਈ ਹੱਲ ਹੋ ਸਕੇਗਾ ਤੇ ਲੋਕਾਂ ਨੂੰ ਨਿਜ਼ਾਤ ਮਿਲੇਗੀ।

ਮੇਅਰ ਤੇ ਕਮਿਸ਼ਨਰ ਵੱਲੋਂ ਭਰੋਸਾ

ਇਸ ਦੌਰਾਨ ਵਾਰਡ ਕੋਂਸਲਰ ਅਨੀਤਾ ਅੰਗੂਰਾਲ ਤੇ ਉਨ੍ਹਾਂ ਦੇ ਪਤੀ ਬਲਬੀਰ ਅੰਗੂਰਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਧਾਇਕ ਰਿੰਕੂ ਤੋਂ ਇਲਾਵਾ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਦੋ-ਚਾਰ ਦਿਨਾਂ ਵਿਚ ਉਕਤ ਸਮੱਸਿਆ ਹੱਲ ਹੋ ਜਾਵੇਗੀ।