ਪਿ੍ਰੰਸ ਅਰੋੜਾ, ਨੂਰਮਹਿਲ : ਪੰਜਾਬ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤੇ ਪਿੰਡਾਂ ਦਾ ਵਿਕਾਸ ਜ਼ੋਰਾਂ 'ਤੇ ਕਰਨ ਦੀਆਂ ਡੀਂਗਾਂ ਤਾਂ ਧੜੱਲੇ ਨਾਲ ਮਾਰੀਆਂ ਜਾਂਦੀਆਂ ਹਨ ਪਰ ਅੱਜ ਵੀ ਕਈ ਪਿੰਡਾਂ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਨੂਰਮਹਿਲ ਦੇ ਨੇੜਲੇ ਪਿੰਡ ਸਿੱਧਮ ਮੁਸਤੱਦੀ ਵਿਚ ਦੇਖਣ ਨੂੰ ਮਿਲੀ ਜਿਥੇ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਜਮ੍ਹਾ ਹੋਣ ਕਾਰਨ ਪਿੰਡ ਵਾਸੀ ਬਹੁਤ ਪਰੇਸ਼ਾਨ ਹਨ। ਇਸ ਬਾਰੇ ਸੁੱਖ ਰਾਮ ਫ਼ੌਜੀ, ਬੇਦ ਪ੍ਰਕਾਸ਼ ਸਿੱਧਮ, ਸਾਬਕਾ ਸਰਪੰਚ ਸੰਤੋਸ਼ ਕੁਮਾਰੀ, ਰਾਜ ਕੁਮਾਰ, ਕੁਲਦੀਪ ਚੰਦ ਲਗਾਹ, ਰਵੀ ਕੁਮਾਰ, ਹੰਸ ਰਾਜ, ਰਾਜ ਕੁਮਾਰ ਮਡਾਰ, ਜਿੰਦਰ, ਸੁੱਚਾ ਰਾਮ, ਪਲਵਿੰਦਰ ਕੁਮਾਰ, ਜੋਗਿੰਦਰ ਪਾਲ, ਨਾਜਰ ਰਾਮ, ਮੋਹਨ ਲਾਲ, ਰਕੇਸ਼ ਰਾਣਾ, ਕੁਲਵਿੰਦਰ ਕੌਰ, ਦੌਲਤ ਰਾਮ, ਬਲਵੀਰ ਚੰਦ, ਸਤਨਾਮ ਲੁੱਘੀ ਆਦਿ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਸੰਬੰਧ ਵਿਚ ਸਤੰਬਰ ਮਹੀਨੇ ਵਿਚ ਬਲਾਕ ਵਿਕਾਸ ਪੰਚਾਇਤ ਅਫਸਰ ਨੂਰਮਹਿਲ ਨੂੰ ਲਿਖਤੀ ਰੂਪ ਵਿਚ ਬੇਨਤੀ ਪੱਤਰ ਦਿੱਤਾ ਜਾ ਚੁੱਕਾ ਹੈ ਪ੍ਰੰਤੂ ਇਸ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਉਪਰਕਤ ਵਿਅਕਤੀਆਂ ਨੇ ਦੱਸਿਆ ਕਿ ਨਾਲੀਆਂ ਦਾ ਗੰਦਾ ਪਾਣੀ 24 ਘੰਟੇ ਗਲੀਆਂ ਵਿਚ ਜਮ੍ਹਾ ਰਹਿੰਦਾ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਸਵੇਰ ਸਮੇਂ ਬੱਚਿਆਂ ਦਾ ਸਕੂਲ ਜਾਣਾ ਤੇ ਬਜ਼ੁਰਗਾਂ ਦਾ ਲੰਘਣਾ ਮੁਸ਼ਕਿਲ ਹੋੋ ਜਾਂਦਾ ਹੈ। ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਦਾਖ਼ਲ ਹੋ ਜਾਂਦਾ ਹੈ ਜਿਸ ਕਾਰਨ ਕਈ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਪੈ ਚੁੱਕੀਆਂ ਹਨ ਤੇ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਕੇ ਹਾਲਾਤ ਦਾ ਜਾਇਜ਼ਾ ਲੈਣ ਪੁੱਜੇ ਜੇਈ ਗਿਰਧਾਰੀ ਲਾਲ ਨੇ ਕਿਹਾ ਕਿ ਨਾਲੀਆਂ ਦਾ ਲੈਵਲ ਚੈਕ ਕਰ ਕੇ ਇਸ ਸਮੱਸਿਆ ਦਾ ਹੱਲ ਦੋ ਦਿਨਾਂ ਵਿਚ ਕਰ ਦਿੱਤਾ ਜਾਵੇਗਾ ਪ੍ਰੰਤੂ ਲੋਕਾਂ ਦਾ ਕਹਿਣਾ ਸੀ ਕਿ ਹਰ ਵਾਰ ਏਹੋ ਵਿਸ਼ਵਾਸ ਦਿਵਾਇਆ ਜਾਂਦਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।