ਕਰਾਈਮ ਰਿਪੋਰਟਰ, ਜਲੰਧਰ : ਚੌਕੀ ਪਰਾਗਪੁਰ ਦੀ ਹੱਦ ਵਿਚ ਪੈਂਦੇ ਦੀਪ ਨਗਰ ਵਿਚ ਵੀਰਵਾਰ ਨੂੰ ਸੱਤ ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੱਤ ਸਾਲਾ ਬੱਚਾ ਜਿਹੜਾ ਕਿ ਅੰਮਿ੍ਤਸਰ ਦਾ ਰਹਿਣ ਵਾਲਾ ਹੈ, ਦੀਪ ਨਗਰ 'ਚ ਆਪਣੀ ਮਾਸੀ ਦੇ ਘਰ ਆਇਆ ਹੋਇਆ ਸੀ। ਵੀਰਵਾਰ ਸਵੇਰੇ ਜਦ ਪਾਣੀ ਗਰਮ ਕਰਨ ਲਈ ਬਾਲਟੀ ਵਿਚ ਰਾਡ ਲਗਾਈ ਹੋਈ ਸੀ ਤਾਂ ਬੱਚੇ ਨੇ ਪਾਣੀ ਦੀ ਬਾਲਟੀ ਵਿੱਚ ਹੱਥ ਪਾ ਲਿਆਜਿਸ ਨਾਲ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ। ਉਸ ਦੀਆਂ ਚੀਕਾਂ ਸੁਣ ਕੇ ਜਦ ਤਕ ਘਰ ਵਾਲੇ ਉੱਥੇ ਪਹੁੰਚੇ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਫਿਰ ਵੀ ਤਸੱਲੀ ਲਈ ਉਹ ਬੱਚੇ ਨੂੰ ਨਿੱਜੀ ਹਸਪਤਾਲ ਵਿਚ ਲੈ ਗਏਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਗਈ।ਜਦ ਇਸ ਬਾਰੇ ਚੌਂਕੀ ਪਰਾਗਪੁਰ ਦੇ ਇੰਚਾਰਜ ਏਐੱਸਆਈ ਨਰਿੰਦਰ ਮੋਹਨ ਕੋਲੋਂ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਵੀ ਸੂਚਨਾ ਆਈ ਸੀ ਕਿ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਪਰ ਉਸ ਦੇ ਘਰ ਵਾਲਿਆਂ ਨੇ ਨਾ ਤਾਂ ਬੱਚੇ ਦਾ ਪੋਸਟਮਾਰਟਮ ਕਰਵਾਇਆ ਤੇ ਨਾ ਹੀ ਕੋਈ ਪੁਲਿਸ ਕਾਰਵਾਈ ਕਰਵਾਉਣੀ ਚਾਹੀ, ਇਸ ਲਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।