ਰਾਕੇਸ਼ ਗਾਂਧੀ, ਜਲੰਧਰ : ਕ੍ਰਾਈਮ ਬਰਾਂਚ ਜਲੰਧਰ ਦਿਹਾਤ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਨਕੋਦਰ ਇਲਾਕੇ ਦੇ ਆਸ ਪਾਸ ਡਰ ਦਾ ਮਾਹੌਲ ਬਣਾ ਕੇ ਫ਼ਿਰੌਤੀ ਹਾਸਲ ਕਰਨ ਵਾਲੇ ਅਮਨ ਮਾਲੜੀ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਫ਼ਿਰੌਤੀ ਦੀ ਹਾਸਲ ਕੀਤੀ ਗਈ 25 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਨਕੋਦਰ ਇਲਾਕੇ ਵਿਚ ਡਰ ਦਾ ਮਾਹੌਲ ਬਣਾ ਕੇ ਫ਼ਿਰੌਤੀ ਹਾਸਲ ਕਰਨ ਸਬੰਧੀ ਖ਼ੁਫ਼ੀਆ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਖੁਦ ਮੋਨੀਟਰਿੰਗ ਕਰਦੇ ਹੋਏ ਐੱਸਪੀ (ਡੀ) ਸਰਬਜੀਤ ਸਿੰਘ ਬਹੀਆ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਡੀਐੱਸਪੀ ਹਰਜੀਤ ਸਿੰਘ ਕ੍ਰਾਈਮ ਬ੍ਰਾਂਚ ਦੇ ਮੁਖੀ ਪੁਸ਼ਪ ਬਾਲੀ ਅਤੇ ਸੀਆਈਏ ਸਟਾਫ ਦੀ ਟੀਮ ਬਣਾਈ ਗਈ। ਜਿਨ੍ਹਾਂ ਵੱਲੋਂ ਫ਼ਿਰੌਤੀ ਦੀਆਂ ਕਾਲਾਂ 'ਤੇ ਦਿਨ-ਰਾਤ ਕੰਮ ਕੀਤਾ ਗਿਆ ਜਿਸ ਵਿਚ ਟੈਕਨੀਕਲ ਇੰਚਾਰਜ ਇੰਸਪੈਕਟਰ ਹਰਬੀਰ ਸਿੰਘ ਮੂੰਹ ਮੀਟੀ ਨਾਲ ਅਟੈਚ ਕੀਤਾ ਗਿਆ ਅਤੇ ਇਸ ਬਾਬਤ 14 ਮਾਰਚ ਨੂੰ ਥਾਣਾ ਨਕੋਦਰ ਵਿਚ ਧਾਰਾ 386 120 ਬੀ 506 507 148 149 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਕੋਦਰ ਇਲਾਕੇ ਵਿੱਚ ਅਮਨ ਮਾਲੜੀ ਨਾਂ ਦਾ ਵਿਅਕਤੀ ਡਰ ਦਾ ਮਾਹੌਲ ਬਣਾ ਕੇ ਭੋਲ਼ੇ-ਭਾਲ਼ੇ ਲੋਕਾਂ ਕੋਲੋਂ ਫ਼ਿਰੌਤੀਆਂ ਦੀ ਮੰਗ ਕਰ ਰਿਹਾ ਹੈ ਅਤੇ ਉਹ ਜੇਲ੍ਹ ਵਿੱਚ ਹੈ ਅਤੇ ਬਾਹਰ ਬੈਠੇ ਆਪਣੇ ਗੈਂਗ ਦੇ ਮੈਂਬਰਾਂ ਨਾਲ ਜੁੜਿਆ ਹੋਇਆ ਹੈ। ਜਲੰਧਰ ਦਿਹਾਤੀ ਪੁਲਿਸ ਵੱਲੋਂ ਟਿੰਮੀ ਚਾਵਲਾ ਅਤੇ ਮਨਦੀਪ ਸਿੰਘ ਸਿਪਾਹੀ ਦੇ ਕਤਲ ਕਾਂਡ ਦੇ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ ਗਿਦਾ, ਆਕਾਸ਼ਦੀਪ ਚੱਠਾ, ਗਗਨ ਗਿੱਲ ਉਰਫ ਗਗਨ, ਅਮਰੀਕ ਸਿੰਘ ਅਤੇ ਹਰਦੀਪ ਸਿੰਘ ਨੂੰ ਜੇਲ ਵਿਚੋਂ ਪ੍ਰੋਡਕਸ਼ਨ ਤੇ ਲਿਆਂਦਾ ਅਤੇ ਇਨ੍ਹਾਂ ਪਾਸੋਂ ਜੇਲ੍ਹ ਵਿਚ ਵਰਤੇ ਜਾਣ ਵਾਲੇ ਮੋਬਾਈਲ ਵੀ ਜੇਲ੍ਹ ਵਿਚੋਂ ਬਰਾਮਦ ਹੋਏ। ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿਛ ਵਿੱਚ ਖ਼ੁਲਾਸਾ ਹੋਇਆ ਕਿ ਅਮਨਦੀਪ ਸਿੰਘ ਉਰਫ ਅਮਨ ਪੁਰੇਵਾਲ ਵਾਸੀ ਮਾਲੜੀ ਨਕੋਦਰ ਟਿੰਮੀ ਚਾਵਲਾ ਕਤਲ ਦਾ ਮਾਸਟਰਮਾਈਂਡ ਹੈ ਨੇ ਫ਼ਿਰੌਤੀ ਮੰਗਣ ਵਾਲਾ ਗਿਰੋਹ ਬਣਾਇਆ ਹੋਇਆ ਹੈ ਅਤੇ ਅਮਰੀਕਾ ਤੋ ਵੱਖ-ਵੱਖ ਨੰਬਰਾਂ ਤੋ ਉਹ ਭੋਲ਼ੇ-ਭਾਲ਼ੇ ਲੋਕਾਂ ਨੂੰ ਕਾਲਾ ਰਿੰਦਾ ਸਿੱਧੂ ਲਾਹੌਰ ਪਾਕਿਸਤਾਨ ਦਾ ਡਰ ਦਿਖਾ ਕੇ ਧਮਕੀਆਂ ਦਿੰਦਾ ਹੈ। ਚਾਵਲਾ ਕਤਲ ਕਾਂਡ ਦੇ ਦੋਸ਼ੀ ਅਮਰੀਕ ਦੇ ਰਿਸ਼ਤੇਦਾਰ ਚਾਚੇ ਦੇ ਲੜਕੇ ਸਰੋਵਰ ਸਿੰਘ ਜੋ ਕਿ ਇਲੈਕਟਰੀਕਲ ਇੰਜੀਨੀਅਰ ਹੈ ਦੇ ਖਾਤੇ ਵਿੱਚ ਅਮਰੀਕਾ ਤੋਂ 45 ਹਜ਼ਾਰ ਰੁਪਏ ਪਾ ਕੇ ਆਪਣੇ ਗਿਰੋਹ ਵਿੱਚ ਸ਼ਾਮਲ ਕੀਤਾ ਅਤੇ ਇਸ ਤੋਂ ਬਾਅਦ ਬਾਕੀ ਮੈਂਬਰਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਾ ਕੇ ਗਿਰੋਹ ਵਿੱਚ ਸ਼ਾਮਲ ਕਰ ਲਿਆ। ਤਫ਼ਤੀਸ਼ ਦੌਰਾਨ ਪੁਲਿਸ ਨੂੰ ਜਾਣਕਾਰੀ ਹੋਈ ਕਿ ਨਕੋਦਰ ਤੋਂ ਇਕਬਾਲ ਸਿੰਘ ਨਾਂ ਦੇ ਇਕ ਵਪਾਰੀ ਪਾਸੋਂ ਪਹਿਲਾਂ ਅਮਨ ਅਤੇ ਸਵਰਨ ਸਿੰਘ ਨੇ ਰਲ ਕੇ 40 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਪਾਸੋਂ 25 ਲੱਖ ਰੁਪਏ ਫ਼ਿਰੌਤੀ ਹਾਸਲ ਕਰ ਲਈ ਜਿਸ ਵਿਚ ਅਮਨ ਅਤੇ ਸਵਰਨ ਸਿੰਘ ਨੇ ਇਕ ਨਾ ਮਾਲੂਮ ਔਰਤ ਨਾਲ ਮਿਲ ਕੇ ਇਕਬਾਲ ਸਿੰਘ ਕੋਲੋਂ 25 ਲੱਖ ਰੁਪਏ ਦੀ ਫਿਰੌਤੀ ਹਾਸਲ ਕੀਤੀ ਸੀ ਜੋ ਰਕਮ ਉਨ੍ਹਾਂ ਨੇ ਤਰਸੇਮ ਸਿੰਘ ਸੇਠੀ ਵਾਸੀ ਬੇਗੋਵਾਲ ਨੂੰ ਦਿਤੀ ਹੈ। ਜਿਸ ਨੂੰ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 25 ਲੱਖ ਰੁਪਏ ਬਰਾਮਦ ਕਰ ਲਏ।

ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸਰੋਵਰ ਸਿੰਘ ਵਾਸੀ ਪਿੰਡ ਚੋਟੀਆਂ ਜ਼ਿਲ੍ਹਾ ਸੀ ਮੁਕਤਸਰ ਸਾਹਿਬ, ਤਰਸੇਮ ਸਿੰਘ ਉਰਫ ਸੇਠੀ ਵਾਸੀ ਬੇਗੋਵਾਲ, ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਪਿੰਡ ਮਾਲੜੀ, ਅਕਾਸ਼ਦੀਪ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ, ਗਗਨ ਗਿੱਲ ਉਰਫ ਗਗਨ ਵਾਸੀ ਮਾਲੜੀ, ਅਮਰੀਕ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਹਰਦੀਪ ਸਿੰਘ ਉਰਫ਼ ਠਾਕੁਰ ਸਿੰਘ ਵਾਸੀ ਪਿੰਡ ਦੁਨੇਵਾਲ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ ।

Posted By: Jagjit Singh