ਜਤਿੰਦਰ ਪੰਮੀ, ਜਲੰਧਰ : ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਦੋ ਦਿਨਾ ਪੰਜਾਬ ਰਾਜ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਤੀਆ ਸੇਤੀਆ ਨੇ ਜਿੱਤ ਲਈ। ਇਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਸਿ੍ਸ਼ਟੀ ਗੁਪਤਾ, ਤੀਜਾ ਸਥਾਨ ਲਾਵਨਿਆ ਜੈਨ ਤੇ ਚੌਥਾ ਸਥਾਨ ਅਨਾਹਿਤਾ ਵਰਮਾ ਨੇ ਹਾਸਲ ਕੀਤਾ। ਇਹ ਚਾਰੇ ਖਿਡਾਰਨਾਂ ਜਲੰਧਰ ਦੀਆਂ ਹਨ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਰਾਕੇਸ਼ ਕਪੂਰ, ਪ੍ਰਧਾਨ ਜਲੰਧਰ ਇਲੈਕਟ੍ਰੀਕਲ ਮਰਚੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਪੀਐੱਸਸੀਏ ਤੇ ਜੇਸੀਏ ਦੇ ਸੈਕਟਰੀ ਮੁਨੀਸ਼ ਥਾਪਰ ਨੇ ਕੀਤੀ। ਇਸ ਦੋ ਦਿਨਾ ਚੈਂਪੀਅਨਸ਼ਿਪ ਦੌਰਾਨ ਪੰਜ ਰਾਊਂਡ ਖੇਡੇ ਗਏ। ਇਸ ਮੌਕੇ ਉਨ੍ਹਾਂ ਨਾਲ ਸੁਮਿਤ ਕਪੂਰ ਤੇ ਸਤਯੁੱਗ ਦਰਸ਼ਨ ਸਪੋਰਟਸ ਅਕੈਡਮੀ ਦੇ ਤਿ੍ਪਤਾ ਬੁਧੀਰਾਜਾ ਵੀ ਮੌਜੂਦ ਸਨ। ਸੈਕਟਰੀ ਮੁਨੀਸ਼ ਥਾਪਰ ਨੇ ਦੱਸਿਆ ਕਿ ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚੋਂ ਚਾਰ ਖਿਡਾਰੀ ਜੇਤੂ ਰਹੇ ਹਨ, ਜਿਨ੍ਹਾਂ ਦੀ ਚੋਣ 19 ਜੁਲਾਈ ਨੂੰ ਤਾਮਿਲਨਾਡੂ 'ਚ ਹੋਣ ਵਾਲੀ ਕੌਮੀ ਮਹਿਲਾ ਚੈਂਪੀਅਨਸ਼ਿਪ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂਕਿ ਅੰਡਰ-7, ਅੰਡਰ-9, ਅੰਡਰ-11 ਤੇ ਅੰਡਰ-13 ਵਿਚ ਤਿੰਨ ਉੱਚ ਸਥਾਨ ਕਰਨ ਵਾਲੀਆਂ ਖਿਡਾਰਨਾਂ ਨੂੰ ਵੀ ਹੌਸਲਾਵਧਾਊ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ 28 ਤੇ 29 ਜੂਨ ਨੂੰ ਸਤਯੁੱਗ ਦਰਸ਼ਨ ਸਪੋਰਟਸ ਅਕੈਡਮੀ ਜਲੰਧਰ ਵਿਚ ਪੰਜਾਬ ਰਾਜ ਅੰਡਰ-25 ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਮੌਕੇ ਕ੍ਰਿਤੀ ਸ਼ਰਮਾ, ਸੰਜੀਵ ਸ਼ਰਮਾ, ਚੰਦਰੇਸ਼ ਬਖਸ਼ੀ ਤੇ ਹੋਰ ਹਾਜ਼ਰ ਸਨ।