ਜਤਿੰਦਰ ਪੰਮੀ/ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਰੱਬ ਦੀ ਹੋਂਦ ਮਰਦਾਂ ਵੱਲੋਂ ਤਿਆਰ ਕੀਤੀ ਗਈ, ਇਸ ਲਈ ਰੱਬ ਔਰਤਾਂ ਤੇ ਧੀਆਂ ਦੀ ਆਵਾਜ਼ ਨਹੀਂ ਸੁਣਦਾ ਚਾਹੇ ਉਨ੍ਹਾਂ ਦੀ ਪੱਤ ਰੱਬ ਦੇ ਘਰ ਵਿਚ ਹੀ ਕਿਉਂ ਨਾ ਲੁੱਟੀ ਜਾ ਰਹੀ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਲੇਖਕਾ ਡਾ. ਹਰਸ਼ਿੰਦਰ ਕੌਰ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਐੱਨਜੀਓ ਨਵੀਂ ਉਮੀਦ ਫਾਊਂਡੇਸ਼ਨ ਵੱਲੋਂ ਦੇਸ਼ ਅੰਦਰ ਕੁੜੀਆਂ ਦੇ ਹੁੰਦੇ ਜਬਰ ਜਨਾਹ ਤੇ ਹੱਤਿਆਵਾਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਵਿਚਾਰ ਚਰਚਾ ਕਰਨ ਲਈ ‘ਕੌਣ ਬਚਾਊ ਧੀਆਂ ਨੂੰ’ ਵਿਸ਼ੇ ਉਪਰ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੱਬ ’ਤੇ ਅਮੀਰ ਲੋਕਾਂ ਦਾ ਗਲਬਾ ਹੋ ਚੁੱਕਾ ਹੈ ਕਿਉਂਕਿ ਜੇਕਰ ਸਾਰਿਆਂ ਦਾ ਹੁੰਦਾ ਤਾਂ ਔਰਤਾਂ ਨਾਲ ਹੁੰਦੇ ਜਬਰ ਜਨਾਹ ਤੇ ਹੱਤਿਆਵਾਂ ’ਤੇ ਰੱਬ ਜ਼ਰੂਰ ਕੁਝ ਕਰਦਾ। ਡਾ. ਹਰਸ਼ਿੰਦਰ ਕੌਰ ਨੇ ਔਰਤ ਨੂੰ ਅਰਧਾਂਗਣੀ ਅਰਥਾਤ ਅੱਧੇ ਅੰਗਾਂ ਵਾਲੀ ਕਹੇ ਜਾਣ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਔਰਤ ਨੂੰ ਅੱਧੇ ਅੰਗਾਂ ਵਾਲੀ ਨਹੀਂ ਰਹਿਣਾ ਹੋਵੇਗਾ ਅਤੇ ਉਸ ਨੂੰ ਮਰਦ ਦੇ ਬਰਾਬਰ ਖੜ੍ਹੇ ਹੋਣਾ ਪਵੇਗਾ। ਧੀਆਂ ਨੂੰ ਆਪਣੇ ਨਾਲ ਹੁੰਦੇ ਜ਼ੁਲਮ ਨਾਲ ਆਪ ਹੀ ਨਜਿੱਠਣਾ ਪੈਣਾ ਹੈ। ਉਨ੍ਹਾਂ ਨੇ ਇਤਿਹਾਸ ’ਚ ਔਰਤਾਂ ਵੱਲੋਂ ਕੀਤੇ ਗਏ ਬਹਾਦਰੀ ਭਰੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਔਰਤਾਂ ਬਾਪ ਤੇ ਭਰਾਵਾਂ ਨੇ ਇਸ ਤਰ੍ਹਾਂ ਸਿੱਖਿਅਤ ਕੀਤਾ ਕਿ ਨਾ ਸਿਰਫ ਉਹ ਆਪਣੀ ਹੋਂਦ ਕਾਇਮ ਕਰ ਸਕੀਆਂ ਬਲਕਿ ਇਤਿਹਾਸ ’ਚ ਬਹਾਦਰੀ ਦੀਆਂ ਮਿਸਾਲਾਂ ਵੀ ਕਾਇਮ ਕੀਤੀਆਂ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਬਹੁਤ ਸਾਰੀਆਂ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਦਾ ਵਰਨਣ ਕੀਤਾ।

ਲਾਇਲਪੁਰ ਖ਼ਾਲਸਾ ਕਾਲਜ ਵਿਮਨ ਦੀ ਪ੍ਰਿੰਸੀਪਲ ਨਵਜੋਤ ਨੇ ਆਪਣੇ ਜੀਵਨ ’ਚ ਵਾਪਰੀਆਂ ਘਟਨਾਵਾਂ ਦਾ ਵਰਨਣ ਕੀਤਾ। ਉਨ੍ਹਾਂ ਆਖਿਆ ਕਿ ਧੀਆਂ ਨੂੰ ਪੁੱਤਰਾਂ ਵਾਲੇ ਅਧਿਕਾਰ ਮਿਲਣੇ ਚਾਹੀਦੇ ਹਨ। ਧੀਆਂ ਮਾਪਿਆਂ ਦੇ ਦਰਦ ਨੂੰ ਮਾਰਨ ਤਕ ਝੱਲਦੀਆਂ ਹਨ। ਆਪਣੇ ਹੱਕ ਆਪ ਲੈਣੇ ਪੈਣੇ ਹਨ, ਇਸ ਲਈ ਧੀਆਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਧੀਆਂ ਨੂੰ ਆਪਣੇ ਘਰੋਂ ਹੀ ਕਰਨੀ ਚਾਹੀਦੀ ਹੈ। ਸਮਾਜ ਸੇਵੀ ਪ੍ਰੋ. ਮਨਜੀਤ ਸਿੰਘ ਕਿਹਾ ਕਿ ਔਰਤ ਨਾਲ ਜੋ ਮਾੜੀ ਘਟਨਾ ਵਾਪਰਦੀ ਹੈ ਤਾਂ ਉਹ ਕਿਵੇਂ ਸਹਿਣ ਕਰਦੀ ਹੈ ਇਹ ਔਰਤ ਹੀ ਦੱਸ ਸਕਦੀ ਹੈ। ਉਨ੍ਹਾਂ ਆਖਿਆ ਕਿ ਧੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਉ, ਧੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਿਉ। ਉਨ੍ਹਾਂ ਨੇ ਨਵੀਂ ਉਮੀਦ ਫਾਊਂਡੇਸ਼ਨ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਕਿ ਜਿਹੜਾ ਵਿਸ਼ਾ ਫਾਊਂਡੇਸ਼ਨ ਨੇ ਚੁਣਿਆ ਹੈ ਉਹ ਬਹੁਤ ਹੀ ਸੰਵੇਦਨਸ਼ੀਲ ਹੈ। ਪ੍ਰੋ. ਮਨਜੀਤ ਸਿੰਘ ਨੇ ਧੀਆਂ ਨਾਲ ਸਮਾਜ ’ਚ ਜੋ ਅੱਜ ਵਾਪਰ ਰਿਹਾ ਹੈ, ਉਸ ’ਤੇ ਵਿਸਥਾਰ ’ਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਜੰਮਦੀਆਂ ਧੀਆਂ ਮਾਰੀਆਂ ਜਾ ਰਹੀਆਂ ਹਨ। ਧਾਰਮਿਕ ਸਥਾਨਾਂ ’ਚ ਵੀ ਬਲਾਤਕਾਰ ਹੁੰਦੇ ਹਨ। ਉਨ੍ਹਾਂ ਦੇਸ਼ ਦੀ ਰਾਜਸੱਤਾ ’ਤੇ ਬਿਰਾਜਮਾਨ ਸਿਆਸਤਦਾਨਾਂ ਤੇ ਨਿਆਂਪਾਲਿਕਾ ਦੀ ਭੂਮਿਕਾ ਉਪਰ ਵੀ ਸਵਾਲ ਖੜ੍ਹੇ ਕੀਤੇ।

ਓਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਮਾਜ ਨੂੰ ਆਪਣੀ ਸੋਚ, ਨਜ਼ਰੀਆ ਤੇ ਕਿਰਦਾਰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਜੇਕਰ ਇਨਸਾਨੀ ਕਿਰਦਾਰ ਇਨਸਾਨੀਅਤ ਵਾਲਾ ਹੋਵੇਗਾ ਤਾਂ ਬੰਦਾ ਹਰ ਕੰਮ ਕਰਨ ਤੋਂ ਪਹਿਲਾਂ ਸਮਾਜ ਦੀ ਬਿਹਤਰੀ ਬਾਰੇ ਪਹਿਲਾਂ ਸੋਚੇਗਾ। ਕਿਰਦਾਰ ਹੀ ਸਮਾਜ ਦੀ ਚੰਗੀ ਸਿਰਜਣਾ ਕਰਦਾ ਹੈ। ਉਨ੍ਹਾਂ ਅਖਿਆ ਕਿ ਇਜ਼ਰਾਈਲ ਨੂੰ ਆਜ਼ਾਦ ਹੋਇਆਂ ਥੋੜ੍ਹਾ ਹੀ ਸਮਾਂ ਹੋਇਆ ਹੈ ਪ੍ਰੰਤੂ ਤਰੱਕੀ ਵਿੱਚ ਭਾਰਤ ਨਾਲੋਂ ਅੱਗੇ ਨਿਕਲ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਕਿਰਦਾਰ ਰਾਸ਼ਟਰ ਪ੍ਰਤੀ ਬਹੁਤ ਚੰਗਾ ਹੈ। ਭਾਰਤ ’ਚ ਅਜਿਹਾ ਨਹੀਂ ਹੈ। ਇਜ਼ਰਾਈਲ ਵਿਚ ਇਕ ਨਾਗਰਿਕ ਦੂਜੇ ਦੀ ਮਦਦ ਕਰਕੇ ਖ਼ੁਸ਼ ਹੁੰਦਾ ਹੈ ਪਰ ਭਾਰਤ ’ਚ ਭਰਾ ਹੀ ਭਰਾ ਦੀ ਤਰੱਕੀ ਤੋਂ ਸੜਦਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਰਾਜਨੀਤੀ ਵਿੱਚ ਆਈ ਗਿਰਾਵਟ ਮਾੜੇ ਕਿਰਦਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜਨੀਤੀ ਵਿਚ ਪੈਰ ਚੁੰਮ ਕੇ ਅਹੁਦੇ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ। ਉਨ੍ਹਾਂ ਨੇ ਮੌਜੂਦਾ ਸਰਕਾਰ ਤੇ ਅਕਾਲੀ ਸਰਕਾਰ ਸਮੇਂ ਸਿਆਸੀ ਲੋਕਾਂ ਦੇ ਕਿਰਦਾਰ ਬਾਰੇ ਖੁੱਲ੍ਹ ਕੇ ਬੋਲਿਆ। ਇਨ੍ਹਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਤੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਮੌਜੂਦਾ ਨਿਜ਼ਾਮ ’ਤੇ ਸਵਾਲ ਚੁੱਕੇ। ਨਵੀਂ ਉਮੀਦ ਫਾਊਂਡੇਸ਼ਨ ਦੇ ਸੰਸਥਾਪਕ ਐੱਲਆਰ ਨਈਅਰ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ। ਬਾਲੜੀਆਂ ਨਾਲ ਹੋਏ ਬਲਾਤਕਾਰਾਂ ਸਬੰਧੀ ਐੱਸਸੀ ਵਰਗ ਦੇ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਵਾਇਆ।

Posted By: Susheel Khanna