ਜਲੰਧਰ : 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀਆਂ ਹਾਕੀ ਟੀਮਾਂ ਲਈ ਚੋਣ ਟਰਾਇਲ 17 ਮਈ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾਣਗੇ ।

ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 4 ਤੋਂ 13 ਜੂਨ ਤਕ ਹਰਿਆਣਾ ਵਿਖੇ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀ ਹਾਕੀ ਟੀਮਾਂ ਲਈ ਚੋਣ ਟਰਾਇਲ 17 ਮਈ, 2022 ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਸਵੇਰੇ 11.00 ਵਜੇ ਆਯੋਜਿਤ ਹੋਣਗੇ । ਮਹਿਲਾ ਤੇ ਮਰਦਾਂ ਦੀ 18 ਸਾਲ ਤੋਂ ਘੱਟ ਉਮਰ ਵਰਗ ਵਿਚ ਉਹ ਹਾਕੀ ਖਿਡਾਰੀ, ਜਿਨਾਂ ਦਾ ਜਨਮ ਮਿਤੀ 1 ਜਨਵਰੀ 2003 ਤੋਂ ਬਾਅਦ ਹੋਇਆ ਹੋਵੇਗਾ, ਇਨ੍ਹਾਂ ਚੋਣ ਟਰਾਇਲ ਵਿਚ ਭਾਗ ਲੈਣ ਦੇ ਯੋਗ ਹੋਣਗੇ ।

ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਨ੍ਹਾਂ ਚੋਣ ਟਰਾਇਲ ਲਈ ਹਾਕੀ ਇੰਡੀਆ ਵਲੋਂ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਵੱਲੋਂ ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ, ਰਾਜਬੀਰ ਕੌਰ ਰਾਏ, ਸੁਖਜੀਤ ਕੌਰ ਸੰਮੀ, ਯੋਗਿਤਾ ਬਾਲੀ, ਨਿਰਮਲ ਸਿੰਘ, ਬਿਕਰਮਜੀਤ ਸਿੰਘ ਕਾਕਾ (ਸਾਰੇ ਅੰਤਰਰਾਸਟਰੀ ਖਿਡਾਰੀ) ਅਤੇ ਬਲਵਿੰਦਰ ਸਿੰਘ ਸ਼ੰਮੀ ਓਲੰਪੀਅਨ ਸਲੈਕਸ਼ਨ ਕਮੇਟੀ ਦੇ ਮੈਂਬਰ ਹੋਣਗੇ ।

Posted By: Shubham Kumar