ਜੇਐੱਨਐੱਨ, ਜਲੰਧਰ : ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਡੀਸੀ ਦਫ਼ਤਰ ਦੇ ਬਾਹਰ ਲੱਗੇ ਰਾਸ਼ਟਰੀ ਝੰਡੇ ਨੂੰ ਉਤਾਰ ਕੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਘਟਨਾ ਤੋਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਜਿਵੇਂ ਹੀ ਇਸ ਘਟਨਾ ਦੀ ਖ਼ਬਰ ਮਿਲੀ, ਤੁਰੰਤ ਡੀਸੀ ਦਫ਼ਤਰ ਦੇ ਸਿਕਿਓਰਿਟੀ ਇੰਚਾਰਜ ਨੇ ਪੂਰੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਡੀਸੀ ਦਫ਼ਤਰ ਦੇ ਮੇਨ ਗੇਟ ਵੱਲ ਲੱਗੇ ਰਾਸ਼ਟਰੀ ਝੰਡੇ ਦੀ ਸੁਰੱਖਿਆ ਲਈ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ। ਇਸਤੋਂ ਇਲਾਵਾ ਗੇਟ 'ਤੇ ਵੀ ਸਿਕਿਓਰਿਟੀ ਵਧਾ ਦਿੱਤੀ ਗਈ ਹੈ ਤਾਂਕਿ ਕੋਈ ਵੀ ਬਾਹਰੀ ਵਿਅਕਤੀ ਬਿਨਾਂ ਪੂਰੀ ਪੁੱਛਗਿੱਛ ਦੇ ਅੰਦਰ ਨਾ ਆ ਸਕੇ।

ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ 'ਚ ਹੋਮਗਾਰਡ ਦਫ਼ਤਰ ਦੇ ਬਾਹਰ ਵੀ ਰਾਸ਼ਟਰੀ ਝੰਡਾ ਲੱਗਾ ਹੋਇਆ ਸੀ। ਉਥੇ ਵੀ ਹੋਮਗਾਰਡ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਚੌਕਸ ਕਰ ਦਿੱਤਾ ਗਿਆ ਤਾਂਕਿ ਕੋਈ ਵੀ ਵਿਅਕਤੀ ਬਾਹਰੀ ਝੰਡੇ ਦੇ ਕਰੀਬ ਨਾ ਜਾ ਸਕੇ। ਉਥੇ ਹੀ ਕੇਂਦਰ ਸਰਕਾਰ ਦਾ ਖੁਫੀਆ ਵਿਭਾਗ ਵੀ ਰਾਸ਼ਟਰੀ ਝੰਡੇ ਦੀ ਸੁਰੱਖਿਆ ਨੂੰ ਲੈ ਕੇ ਮੋਗਾ 'ਚ ਵਰਤੀ ਗਈ ਲਾਪਰਵਾਹੀ ਦੇ ਮੱਦੇਨਜ਼ਰ ਇਥੇ ਵੀ ਨਜ਼ਰ ਰੱਖ ਰਹੇ ਹਨ ਤਾਂਕਿ ਮੋਗਾ ਜਿਹੀ ਹਰਕਤ ਜਲੰਧਰ 'ਚ ਨਾ ਹੋ ਸਕੇ। ਡਿਪਟੀ ਕਮਿਸ਼ਨਰ ਦਫ਼ਤਰ ਤੋਂ ਵੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਉਨ੍ਹਾਂ ਦੇ ਇਥੇ ਰਾਸ਼ਟਰੀ ਝੰਡਾ ਲੱਗਾ ਹੋਇਆ ਹੈ ਤਾਂ ਤੁਰੰਤ ਉਸਦੀ ਸੁਰੱਖਿਆ ਵਿਵਸਥਾ ਨੂੰ ਪੁਖ਼ਤਾ ਕਰ ਲਿਆ ਜਾਵੇ।

ਪੁਲਿਸ ਵੀ ਹੋਈ ਚੌਕਸ

ਉਥੇ, ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪੱਧਰੀ ਸੰਵਿਧਾਨਤਾ ਦਿਵਸ ਸਮਾਗਮ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਸਾਰੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਸੁਤੰਤਰਤਾ ਦਿਵਸ ਸਮਾਗਮ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ, ਇਸਦੇ ਲਈ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਪ੍ਰਬੰਧਾਂ ਲਈ ਤਿਆਰੀ ਕੀਤੀ ਜਾ ਰਹੀ ਹੈ।

Posted By: Ramanjit Kaur