ਜੇਐੱਨਐੱਨ, ਜਲੰਧਰ - ਗਰਮੀਆਂ ਦੇ ਸ਼ਡਿਊਲ ’ਚ ਦੋਆਬਾ ਖੇਤਰ ਦੇ ਹਵਾਈ ਅੱਡੇ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਇਲਾਵਾ ਮਾਇਆਨਗਰੀ ਮੰੁਬਈ ਤੇ ਪਿੰਕ ਸਿਟੀ ਜੈਪੁਰ ਤਕ ਦੀ ਏਅਰ ਕੁਨੈਕਟੀਵਿਟੀ ਮਿਲ ਜਾਵੇਗੀ ਪਰ ਸੀਟਾਂ ਦੀ ਗਿਣਤੀ ਸੀਮਤ ਰਹੇਗੀ। ਵਜ੍ਹਾ ਇਹ ਹੈ ਕਿ ਦਿੱਲੀ ਤੇ ਜੈਪੁਰ ਤੋਂ ਇਲਾਵਾ ਮੰੁਬਈ ਲਈ ਵੀ 78 ਸੀਟਾਂ ਦੀ ਸਮਰੱਥਾ ਵਾਲਾ ਬੰਬਾਰਡਿਅਰ ਜਹਾਜ਼ ਚਲਾਇਆ ਜਾਵੇਗਾ।

ਆਦਮਪੁਰ ਸਿਵਲ ਏਅਰਪੋਰਟ ’ਤੇ ਮੌਜੂਦਾ ਯਾਤਰੀ ਉਡੀਕ ਹਾਲ ’ਚ ਸਿਰਫ਼ 75 ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੈ। ਇਸ ਕਾਰਨ ਮੈਕਸ਼ਿਫਟ ਅਰੇਜਮੈਂਟ ਤਹਿਤ ਲਗਪਗ ਤਿੰਨ ਸਾਲ ਪਹਿਲਾਂ ਬਣਾਏ ਗਏ ਯਾਤਰੀ ਉਡੀਕ ਹਾਲ ’ਚੇ ਬੋਇੰਗ ਜਾਂ ਏਅਰਬੇਸ ਜਹਾਜ਼ਾਂ ਨੂੰ ਚਲਾਉਣਾ ਸੰਭਵ ਨਹੀਂ ਹੈ। ਇਨ੍ਹਾਂ ਜਹਾਜ਼ਾਂ ’ਚ ਡੇਢ ਸੌ ਤੋਂ ਲੈ ਕੇ 180 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ ਪਰ ਇੰਨੇ ਯਾਤਰੀਆਂ ਦੇ ਬੈਠਣ ਦੀ ਵਿਵਸਥਾ ਮੌਜੂਦਾ ਯਾਤਰੀ ਉਡੀਕ ਹਾਲ ’ਚ ਨਹੀਂ ਹੈ।

ਸਿਵਲ ਏਅਰਪੋਰਟ ਆਦਮਪੁਰ ’ਚ ਨਵੇਂ ਟਰਮੀਨਲ ਦਾ ਨਿਰਮਾਣ ਬੇਹੱਦ ਸੁਸਤ ਰਫ਼ਤਾਰ ਨਾਲ ਕਰਵਾਇਆ ਜਾ ਰਿਹਾ ਹੈ। ਇਹ ਪਹਿਲਾਂ ਵੀ ਆਪਣੇ ਮੁਕੰਮਲ ਕਰਨ ਦੇ ਟੀਚੇ ਤੋਂ ਇਕ ਸਾਲ ਪਿੱਛੇ ਹੈ। ਮੌਜੂਦਾ ਹਾਲਤ ’ਚ ਘੱਟੋ-ਘੱਟ ਸਾਲ 2021 ’ਚ ਤਾਂ ਨਵੇਂ ਟਰਮੀਨਲ ਦਾ ਵਰਤੋਂ ’ਚ ਆਉਣਾ ਸੰਭਵ ਨਹੀਂ ਲੱਗ ਰਿਹਾ। ਜਦੋਂ ਤਕ ਟਰਮੀਨਲ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤਕ ਵੱਡੇ ਜਹਾਜ਼ਾਂ ਦੀ ਆਵਾਜਾਈ ਸੰਭਵ ਨਹੀਂ ਹੈ। ਹਾਲਾਂਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਮੈਂਬਰਸ਼ਿਪ ਵਾਲੀ ਕਮੇਟੀ ਵੱਲੋਂ ਜੂਨ 2021 ਤਕ ਨਵੇਂ ਟਰਮੀਨਲ ਦਾ ਕੰਮ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।

Posted By: Harjinder Sodhi