ਜਤਿੰਦਰ ਪੰਮੀ, ਜਲੰਧਰ : ਸਰਕਾਰੀ ਸਕੂਲਾਂ 'ਚ ਸਾਲਾਨਾ ਪ੍ਰਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਬੇਸ਼ੱਕ ਪ੍ਰਰੀਖਿਆਵਾਂ ਦਾ ਡਰ ਵਿਦਿਆਰਥੀਆਂ ਨੂੰ ਅਕਸਰ ਹੀ ਸਤਾਉਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ 'ਚ ਵੀ ਖੌਫ਼ ਪਾਇਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਸਰਕਾਰੀ ਸਕੂਲਾਂ 'ਚ 16 ਮਾਰਚ ਤੋਂ ਪੰਜਵੀਂ, 22 ਮਾਰਚ ਤੋਂ ਅੱਠਵੀਂ ਤੇ 12ਵੀਂ ਦੀਆਂ ਪ੍ਰਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਜਦਕਿ ਦਸਵੀਂ ਦੀਆਂ ਪ੍ਰਰੀਖਿਆਵਾਂ 9 ਅਪ੍ਰਰੈਲ ਤੋਂ ਸ਼ੁਰੂ ਹੋਣਗੀਆਂ। ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਪੇ ਚਿੰਤਤ ਹਨ। ਉਨ੍ਹਾਂ ਵੱਲੋਂ ਸਕੂਲਾਂ 'ਚ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਨਾ ਹੋਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਵਿਭਾਗ ਨੂੰ ਕਰੀਬ ਇਕ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਵੀ ਮਿਲੀਆਂ ਹਨ। ਸਿੱਖਿਆ ਵਿਭਾਗ ਨੇ ਮਾਪਿਆਂ ਦਾ ਬੱਚਿਆਂ ਦੀ ਸੁਰੱਖਿਆ ਪ੍ਰਤੀ ਪੈਦਾ ਹੋਇਆ ਖੌਫ਼ ਦੂਰ ਕਰਨ ਲਈ ਯੋਜਨਾਬੰਦੀ ਕਰ ਕੇ ਸਾਰੇ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਚੌਕਸ ਕਰ ਦਿੱਤਾ ਹੈ।

ਇਹ ਅਧਿਕਾਰੀ ਤੇ ਸਕੂਲ ਮੁਖੀ ਹੁਣ ਲਗਾਤਾਰ ਸਕੂਲਾਂ 'ਚ ਜਾਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਸਕੂਲਾਂ 'ਚ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਹੋ ਰਿਹਾ ਜਾਂ ਨਹੀਂ। ਜਿਥੇ ਪ੍ਰਬੰਧ ਨਹੀਂ ਕੀਤੇ ਜਾ ਰਹੇ, ਉਨ੍ਹਾਂ ਦੀ ਰਿਪੋਰਟ ਵੀ ਬਣਾਉਣਗੇ ਤੇ ਉਥੇ ਪ੍ਰਬੰਧਾਂ ਵਿਚਲੀਆਂ ਖਾਮੀਆਂ ਦੂਰ ਕਰਨ 'ਚ ਵੀ ਯੋਗਦਾਨ ਦੇਣਗੇ ਤਾਂ ਜੋ ਪ੍ਰਰੀਖਿਆਵਾਂ ਤੋਂ ਪਹਿਲਾਂ ਮਾਪਿਆਂ ਦਾ ਡਰ ਦੂਰ ਹੋਵੇ ਅਤੇ ਵਿਦਿਆਰਥੀ ਸੁਰੱਖਿਅਤ ਮਾਹੌਲ 'ਚ ਸਕੂਲ ਆ ਕੇ ਪ੍ਰਰੀਖਿਆਵਾਂ ਦੇਣ। ਵਿਭਾਗ ਨੂੰ ਇਹ ਸ਼ਿਕਾਇਤਾਂ ਮਾਪੇ-ਅਧਿਆਪਕ ਮਿਲਣੀ, ਸਕੂਲਾਂ 'ਚ ਨਿਰੀਖਣ ਦੌਰਾਨ ਅਤੇ ਵਿਭਾਗ ਦੇ ਈ-ਪੰਜਾਬ ਪੋਰਟਲ ਦੇ ਸ਼ਿਕਾਇਤ ਮਡਿਊਲ ਰਾਹੀਂ ਮਿਲੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਗਿੱਟੀ ਦੀ ਪਿ੍ਰੰਸੀਪਲ ਨੀਨਾ ਦਾ ਕਹਿਣਾ ਹੈ ਕਿ ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਇਮਤਿਹਾਨਾਂ ਨੂੰ ਦੇਖਦੇ ਹੋਏ ਕੋਵਿਡ-19 ਦੇ ਮੱਦੇਨਜ਼ਰ ਮਾਪਿਆਂ ਦੀ ਚਿੰਤਾ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਕੂਲ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ, ਵਿਦਿਆਰਥੀਆਂ ਦੇ ਸਕੂਲ ਦਾਖਲ ਹੋਣ ਤੋਂ ਪਹਿਲਾਂ ਥਰਮਲ ਜਾਂਚ, ਸੈਨੇਟਾਈਜ਼ਰ ਜਾਂ ਸਾਬਣ ਨਾਲ ਵਾਰ-ਵਾਰ ਹੱਥ ਧੋਣ, ਮਾਸਕ ਪਹਿਨ ਕੇ ਆਉਣ ਅਤੇ ਸੈਨੇਟਾਈਜ਼ਰ ਨਾਲ ਲੈ ਕੇ ਆਉਣ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਹਰਿੰਦਪਾਲ ਸਿੰਘ ਨੇ ਦੱਸਿਆ ਕਿ ਸਾਰੇ ਸਕੂਲ ਮੁਖੀਆਂ, ਪਿ੍ਰੰਸੀਪਲ, ਟੀਮਾਂ ਦੇ ਸਾਰੇ ਅਧਿਕਾਰੀਆਂ ਨੂੰ ਸਕੂਲ ਦੇ ਨਿਰੀਖਣ ਦੌਰਾਨ ਪ੍ਰਬੰਧਾਂ ਦੀ ਜਾਂਚ ਤੇ ਸਿਹਤ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਕਿਤੇ ਵੀ ਕੋਈ ਲਾਪ੍ਰਵਾਹੀ ਨਾ ਰਹੇ।

ਬਾਕਸ

ਸਿੱਖਿਆ ਵਿਭਾਗ ਵੱਲੋਂ ਟੀਮਾਂ ਗਠਿਤ

ਸਕੂਲਾਂ 'ਚ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਮੇਤ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ, ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ, ਸਟੇਟ ਸਬਜੈਕਟ ਰਿਸੋਰਸਪਰਸਨ, ਸਾਰੇ ਵਿਸ਼ਿਆਂ ਦੇ ਜ਼ਿਲ੍ਹਾ ਮੈਂਟੋਰ, ਬਲਾਕ ਮੈਂਟੋਰ, ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਦੀਆਂ ਟੀਮਾਂ ਸਕੂਲਾਂ 'ਚ ਜਾਣਗੀਆਂ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਨੋਡਲ ਅਫਸਰ ਤੇ ਹਰੇਕ ਸਕੂਲ 'ਚ ਨੋਡਲ ਅਫਸਰ ਲਾਏ ਗਏ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੀ ਕੋਵਿਡ-19 ਦੀਆਂ ਹਦਾਇਤਾਂ ਪ੍ਰਤੀ ਜਾਗਰੂਕ ਕਰਨ ਲਈ ਹਰੇਕ ਜਮਾਤ 'ਚ ਨੋਡਲ ਵਿਦਿਆਰਥੀ ਵੀ ਲਾਇਆ ਗਿਆ ਹੈ।

ਬਾਕਸ

ਇਨ੍ਹਾਂ ਹਦਾਇਤਾਂ ਦਾ ਕਰਨਾ ਹੋਵੇਗਾ ਪਾਲਣ

ਕੋਰੋਨਾ ਵਾਇਰਸ ਤੋਂ ਬਚਣ ਲਈ ਟੀਮਾਂ ਵੱਲੋਂ ਸਕੂਲ 'ਚ ਮੇਨ ਗੇਟ 'ਤੇ ਹੀ ਦੇਖਿਆ ਜਾਵੇਗਾ ਕਿ ਅਧਿਆਪਕਾਂ ਤੋਂ ਲੈ ਕੇ ਸਕੂਲ 'ਚ ਹਾਜ਼ਰ ਸਾਰੇ ਵਿਦਿਆਰਥੀਆਂ ਨੇ ਮਾਸਕ ਪਾਇਆ ਹੈ ਜਾਂ ਨਹੀਂ। ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਸਰੀਰਕ ਦੂਰੀ ਦੇ ਹਿਸਾਬ ਨਾਲ ਹੈ ਜਾਂ ਨਹੀਂ। ਪੀਣ ਲਈ ਪਾਣੀ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਪੈਰ ਨਾਲ ਵਰਤਿਆ ਜਾਣ ਵਾਲਾ ਸਿਸਟਮ ਲਾਇਆ ਗਿਆ ਹੈ ਜਾਂ ਨਹੀਂ।