ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸ਼ਹਿਰ 'ਚ ਟ੍ਰੈਫਿਕ ਸਮੱਸਿਆ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਤੇ ਸਥਾਨਕ ਪੁਲਿਸ ਸਿਰਫ ਆਪਣੇ ਚਲਾਨਾਂ ਦੀ ਗਿਣਤੀ ਪੂਰੀ ਕਰਨ ਲਈ ਵੱਖ-ਵੱਖ ਚੌਕਾਂ 'ਚ ਸਿਰਫ ਨਾਕੇ ਲਾ ਕੇ ਡਿਊਟੀ ਕਰਦੇ ਹਨ, ਜਦਕਿ ਸ਼ਹਿਰ ਵਿਚ ਟ੍ਰੈਫਿਕ, ਲੋਕਾਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਰੱਬ ਆਸਰੇ ਹੈ। 13 ਵਾਰਡਾਂ ਤੇ 60 ਤੋਂ ਵੱਧ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਦੇ ਬੱਚੇ ਨਿੱਜੀ ਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਰਾਪਤ ਕਰਨ ਲਈ ਭੋਗਪੁਰ ਵਿਖੇ ਆਉਂਦੇ ਹਨ, ਜਿਥੇ ਪੁਲਿਸ ਪ੍ਰਬੰਧ ਨਾਂਹ ਦੇ ਬਰਾਬਰ ਹਨ। ਸ਼ਹਿਰ ਦੇ ਮੁੱਖ ਟੀ-ਪੁਆਇੰਟ ਆਦਮਪੁਰ ਚੌਕ ਵਿਖੇ ਸਵੇਰ ਸਮੇਂ ਸਕੂਲ ਲੱਗਣ ਤੇ ਛੁੱਟੀ ਹੋਣ ਸਮੇਂ ਥਾਣਾ ਭੋਗਪੁਰ ਵੱਲੋ ਕਿਸੇ ਪੁਲਿਸ ਮੁਲਾਜ਼ਮ ਦੀ ਡਿਊਟੀ ਲਾਉਣੀ ਜ਼ਰੂਰੀ ਨਹੀਂ ਸਮਝੀ ਜਾਂਦੀ ਤੇ ਨਾ ਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰ ਦੇ ਸਮਾਜ ਸੇਵੀ ਅੰਮਿ੍ਤਪਾਲ ਸ਼ਰਮਾ, ਜੀਓਜੀ ਚਰਨਜੀਤ ਸਿੰਘ ਡੱਲਾ, ਰਾਮ ਮੰਦਰ ਕਮੇਟੀ ਭੋਗਪੁਰ ਦੇ ਪ੍ਰਧਾਨ ਜਸਪਾਲ ਸੁਖੀਜਾ, ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਕੁੰਦਨ ਸਿੰਘ ਰੇਹਸ਼ੀ, ਅੰਮਿ੍ਤਪਾਲ ਸਿੰਘ ਖਰਲ ਕਲਾਂ, ਕਿਸਾਨ ਅਮਰਜੀਤ ਸਿੰਘ ਭੰਗੂ, ਹਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਸਕੂਲ ਲੱਗਣ ਤੇ ਛੁੱਟੀ ਹੋਣ ਸਮੇਂ ਵਿਦਿਆਰਥੀ ਆਪਣੀ ਜਾਨ ਜ਼ੋਖਮ 'ਚ ਪਾ ਕੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਣੇ ਆਦਮਪੁਰ ਟੀ-ਪੁਆਇੰਟ ਨੂੰ ਪਾਰ ਕਰਦੇ ਹਨ ਤੇ ਇਸ ਦੇ ਨਾਲ ਹੀ ਥਾਣਾ ਭੋਗਪੁਰ ਦੇ ਸਾਹਮਣੇ ਬਣੇ ਟੀ-ਪੁਆਇੰਟ ਤੇ ਸਰਕਾਰੀ ਪ੍ਰਰਾਇਮਰੀ ਸਕੂਲ ਭੋਗਪੁਰ ਦੇ ਨਿੱਕੇ ਬੱਚੇ ਸੜਕ ਪਾਰ ਕਰ ਕੇ ਸਕੂਲ ਪੜ੍ਹਨ ਲਈ ਜਾਂਦੇ ਹਨ, ਜਦਕਿ ਸਥਾਨਕ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ 'ਜਾਗਰਣ ਸਮੂਹ' ਰਾਹੀਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤਂੋ ਰੋਕਣ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੇ ਮੁੱਖ ਟੀ ਪੁਆਇੰਟ, ਡਿਵਾਇਡਰ 'ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਭੋਗਪੁਰ ਹਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਠੀਕ ਨਾ ਸਮਿਝਆ।

--

ਸਮੱਸਿਆ ਬਾਰੇ ਜਾਣਕਾਰੀ ਕਰਾਂਗੇ ਹਾਸਲ : ਡੀਐੱਸਪੀ ਟ੍ਰੈਫਿਕ

ਓਧਰ ਡੀਐੱਸਪੀ ਟ੍ਰੈਫਿਕ (ਦਿਹਾਤੀ) ਅਸ਼ਵਨੀ ਕੁਮਾਰ ਅੱਤਰੀ ਨਾਲ ਜਦੋਂ ਇਸ ਸਮੱਸਿਆ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਵੇਰੇ ਹੀ ਇੰਸਪੈਕਟਰ ਨੂੰ ਭੇਜ ਕੇ ਭੋਗਪੁਰ 'ਚ ਟ੍ਰੈਫਿਕ ਸਮੱਸਿਆ ਬਾਰੇ ਜਾਣਕਾਰੀ ਹਾਸਲ ਕਰਨਗੇ। ਸਥਿਤੀ ਦਾ ਜਾਇਜ਼ਾ ਲੈ ਕੇ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ।