ਜਤਿੰਦਰ ਪੰਮੀ/ਨੇਹਾ, ਜਲੰਧਰ

ਐੱਸਸੀ ਵਿਦਿਆਰਥੀਆਂ ਨੇ ਬੁੱਧਵਾਰ ਫਿਰ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ, ਰਜਿਸਟ੍ਰੇਸ਼ਨ ਨਾ ਹੋਣ ਤੇ ਕਾਲਜਾਂ ਵੱਲੋਂ ਵਾਧੂ ਫੀਸਾਂ ਵਸੂਲੇ ਜਾਣ ਦੇ ਵਿਰੋਧ 'ਚ ਪਹਿਲਾਂ ਡੀਸੀ ਦਫਤਰ ਸਾਹਮਣੇ ਤੇ ਫਿਰ ਬੀਐੱਮਸੀ ਚੌਕ 'ਚ ਧਰਨਾ ਦੇ ਕੇ ਜਾਮ ਲਾਇਆ। ਸਵੇਰੇ 10 ਵਜੇ ਤੋਂ ਬਾਅਦ ਹੀ ਦਲਿਤ ਵਿਦਿਆਰਥੀ ਡੀਸੀ ਦਫਤਰ ਸਾਹਮਣੇ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਵਿਦਿਆਰਥੀਆਂ ਨੁਮਾਇੰਦਿਆਂ, ਬਹੁਜਨ ਸਮਾਜ ਪਾਰਟੀ ਤੇ ਹੋਰ ਦਲਿਤ ਆਗੂਆਂ ਦੀ ਅਗਵਾਈ 'ਚ ਸੜਕ 'ਤੇ ਬੈਠ ਕੇ ਸ਼ਾਮ ਤਕ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਟੂਡੈਂਟਸ ਸੰਘਰਸ਼ ਮੋਰਚੇ ਦੇ ਦੀਪਕ ਬਾਲੀ ਤੇ ਨਵਦੀਪ ਦਹੋਕਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ਨਿਆਂ ਵਿਭਾਗ ਦੇ ਡਾਇਰੈਕਟਰ ਅਤੇ ਪਿ੍ਰੰਸੀਪਲ ਸਕੱਤਰ ਵੱਲੋਂ ਪਿਛਲੇ ਦਿਨਾਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਾਰ-ਵਾਰ ਮੀਟਿੰਗਾਂ ਕਰਨ ਤੇ ਵਿਦਿਆਰਥੀਆਂ ਵੱਲੋਂ ਧਰਨੇ-ਮੁਜ਼ਾਹਰੇ ਕਰਨ ਦੇ ਬਾਵਜੂਦ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਤੇ ਵਾਧੂ ਫੀਸ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਖੱਜਲ-ਖੁਆਰ ਹੋ ਰਹੇ ਹਨ। ਵਿਦਿਆਰਥੀਆਂ ਦੇ ਹੱਕ 'ਚ ਪੁੱਜੇ ਦਲਿਤ ਜਥੇਬੰਦੀਆਂ ਦੇ ਆਗੂਆਂ, ਜਿਨ੍ਹਾਂ 'ਚ ਬਸਪਾ ਆਗੂ ਬਲਵਿੰਦਰ ਕੁਮਾਰ, ਜੱਸੀ ਤੱਲ੍ਹਣ, ਸੁਖਵਿੰਦਰ ਕੋਟਲੀ, ਰਮੇਸ਼ ਚੋਹਕਾ, ਅਜੇ ਖੋਸਲਾ ਤੇ ਕਮਲਜੀਤ ਹਾਜ਼ਰ ਸਨ, ਨੇ ਵੀ ਸੰਬੋਧਨ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕਾਲਜ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰ ਰਹੇ ਤੇ ਇਸ ਲਈ ਪੂਰੀ ਫੀਸ ਜਮ੍ਹਾਂ ਕਰਵਾਉਣ ਲਈ ਦਬਾਅ ਪਾ ਰਹੇ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ। ਬੀਐੱਮਸੀ ਚੌਕ 'ਚ ਧਰਨੇ ਬਾਰੇ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ (ਜਨਰਲ) ਜਸਬੀਰ ਸਿੰਘ ਨੇ ਵਿਦਿਆਰਥੀਆਂ ਆਗੂਆਂ ਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ। ਏਡੀਸੀ ਵੱਲੋਂ ਧਰਨਾਕਾਰੀਆਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੀ ਵਿਦਿਆਰਥੀਆਂ ਨੇ ਧਰਨਾ ਚੁੱਕਿਆ।

ਧਰਨੇ ਕਾਰਨ ਲੱਗਾ ਜਾਮ, ਲੋਕਾਂ ਹੋਏ ਖੱਜਲ

ਦਲਿਤ ਵਿਦਿਆਰਥੀਆਂ ਵੱਲੋਂ ਬੁੱਧਵਾਰ ਸਵੇਰੇ ਡੀਸੀ ਦਫਤਰ ਦੇ ਸਾਹਮਣੇ ਤੇ ਬੀਐੱਮਸੀ ਚੌਕ 'ਚ ਲਾਏ ਗਏ ਧਰਨੇ ਕਾਰਨ ਆਵਾਜਾਈ 'ਚ ਵਿਘਨ ਪੈ ਗਿਆ। ਜਾਮ ਲੱਗਣ ਕਾਰਨ ਲੋਕਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਡੀਸੀ ਦਫਤਰ ਦੇ ਚਾਰ ਨੰਬਰ ਗੇਟ ਸਾਹਮਣੇ ਸੜਕ 'ਤੇ ਲੱਗੇ ਧਰਨੇ ਕਾਰਨ ਵੀ ਕੰਮ ਕਰਵਾਉਣ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸੇ ਤਰ੍ਹਾਂ ਬੀਐੱਮਸੀ ਚੌਕ 'ਚ ਚਾਰੇ ਪਾਸੇ ਰੋਡ ਬਲਾਕ ਹੋ ਗਿਆ ਤੇ ਲੋਕਾਂ ਨੂੰ ਕਾਫੀ ਸਮੱਸਿਆ ਆਈ। ਪੁਲਿਸ ਨੇ ਪੁੱਜ ਕੇ ਆਵਾਜਾਈ ਨੂੰ ਸੁਚਾਰੂ ਕਰਨ ਲਈ ਜੱਦੋ-ਜਹਿਦ ਕੀਤੀ।

ਨਾਇਬ ਤਹਿਸੀਲਦਾਰ ਨੂੰ ਮੋੜਿਆ ਬੇਰੰਗ

ਜੇਐੱਨਐੱਨ, ਜਲੰਧਰ : ਐੱਸਸੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਤੇ ਮਨੋਹਰ ਲਾਲ ਕੰਪਲੈਕਸ ਦੇ ਗੇਟ 'ਤੇ ਪੁੱਜੇ। ਵਿਦਿਆਰਥੀਆਂ ਨਾਲ ਤਹਿਸੀਲਦਾਰ ਨੇ ਗੱਲ ਕਰਨੀ ਮੁਨਾਸਬ ਨਾ ਸਮਝੀ। ਪ੍ਰਦਰਸ਼ਨ 'ਚ ਸ਼ਾਮਲ ਬਸਪਾ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਹੋਈ। ਜੇ ਲਿਖਤੀ ਸਮੱਸਿਆ ਦਾ ਹੱਲ ਕੱਢਦੇ ਹਨ ਤਾਂ ਧਰਨੇ ਤੋਂ ਉੱਠਣ ਲਈ ਤਿਆਰ ਹਾਂ।

ਵਿਦਿਆਰਥੀਆਂ ਦਾ ਧਰਨਾ ਹੋਇਆ ਦੋਫਾੜ

ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਵਿਦਿਆਰਥੀਆਂ ਦਾ ਧਰਨਾ ਦੋਫਾੜ ਹੋ ਗਿਆ, ਜਦੋਂ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਤੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਦੇ ਮੈਂਬਰ ਧਰਨੇ 'ਤੇ ਪੁੱਜੇ। ਮੈਂਬਰਾਂ ਨੇ ਵਿਦਿਆਰਥੀਆਂ ਨੂੰ ਬੀਐੱਮਸੀ ਚੌਕ 'ਤੇ ਧਰਨਾ ਲਾਉਣ ਲਈ ਕਿਹਾ। ਕੁਝ ਵਿਦਿਆਰਥੀ ਬੀਐੱਮਸੀ ਚੌਕ 'ਤੇ ਧਰਨੇ 'ਤੇ ਬੈਠ ਗਏ ਤੇ ਕੁਝ ਡੀਸੀ ਦਫ਼ਤਰ ਦੇ ਗੇਟ ਦੇ ਬਾਹਰ। ਬਸਪਾ ਆਗੂ ਬਲਵਿੰਦਰ ਕੁਮਾਰ ਦੀ ਸਟੂਡੈਂਟ ਆਗੂ ਦੀਪਕ ਬਾਲੀ ਨਾਲ ਤਿੱਖੀ ਬਹਿਸ ਹੋ ਗਈ। ਬਲਵਿੰਦਰ ਕੁਮਾਰ ਨੇ ਦੀਪਕ ਬਾਲੀ ਨੂੰ ਕਿਹਾ ਕਿ ਜੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਤਾਂ ਨਾ ਸੱਦਿਆ ਕਰੋ। ਮਾਮਲੇ ਨੂੰ ਆਪਸ 'ਚ ਸੁਲਝਾ ਲਓ। ਬਸਪਾ ਪਾਰਟੀ ਵੱਲੋਂ ਧਰਨਾ ਜਾਰੀ ਰਹੇਗਾ।

ਕਾਲਜ ਪ੍ਰਬੰਧਕ ਸੱਦੇ ਤਾਂ ਜਾ ਕੇ ਚੁੱਕਿਆ ਧਰਨਾ

ਏਡੀਸੀ ਜਨਰਲ ਜਸਬੀਰ ਸਿੰਘ ਨੇ ਕਾਲਜ ਪ੍ਰਬੰਧਕਾਂ ਨੂੰ ਸੱਦਿਆ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਛੇਤੀ ਪੂਰੀ ਕਰਨ ਲਈ ਕਿਹਾ। ਕਾਲਜ ਪ੍ਰਬੰਧਕ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਵੇਗੀ। ਸੱਤ ਹਜ਼ਾਰ ਰੁਪਏ 'ਚ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਹੋਰ ਚਾਰਜਿਜ਼ ਨਾ ਲੈਣ ਦੀ ਗੱਲ ਕਹੀ। ਇਸ ਭਰੋਸੇ ਮਗਰੋਂ ਵਿਦਿਆਰਥੀਆਂ ਨੇ ਧਰਨਾ ਚੁੱਕ ਲਿਆ।

ਦਲਿਤ ਵਿਦਿਆਰਥੀਆਂ ਦੇ ਹੱਕ 'ਚ ਉਤਰੀ ਬਸਪਾ, ਕੈਪਟਨ ਦਾ ਪੁਤਲਾ ਫੂਕਿਆ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਦਲਿਤ ਵਿਦਿਆਰਥੀਆਂ ਵੱਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਆ ਰਹੀਆਂ ਦਿੱਕਤਾਂ ਕਾਰਨ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ 'ਚ ਅੱਜ ਬਹੁਜਨ ਸਮਾਜ ਪਾਰਟੀ ਨੇ ਉਨ੍ਹਾਂ ਦਾ ਸਾਥ ਦਿੱਤਾ। ਬਸਪਾ ਦੇ ਵਰਕਰਾਂ ਨੇ ਪਾਰਟੀ ਆਗੂ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਡੀਸੀ ਦਫਤਰ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਬਸਪਾ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਬਸਪਾ ਸੂਬਾ ਸਕੱਤਰ ਤੇ ਜਲੰਧਰ ਲੋਕ ਸਭਾ ਇੰਚਾਰਜ ਬਲਵਿੰਦਰ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰਾਂ ਮਾੜੀਆਂ ਨੀਤੀਆਂ ਲਾਗੂ ਕਰ ਕੇ ਵਿਦਿਆਰਥੀਆਂ ਤੋਂ ਸਿੱਖਿਆ ਖੋਹਣ ਲੱਗੀਆਂ ਹੋਈਆਂ ਹਨ। ਵਿਦਿਆਰਥੀਆਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਹੈ। ਨਿੱਜੀ ਸਿੱਖਿਆ ਸੰਸਥਾਨਾਂ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਤੇ ਉਨ੍ਹਾਂ ਦੀਆਂ ਡਿਗਰੀਆਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੂੰ ਫੀਸਾਂ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਛੱਡ ਕੇ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਮੁੱਦੇ 'ਤੇ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਹੱਕ ਵਿਚ ਸੰਘਰਸ਼ ਕਰਦੀ ਆ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦੌਰਾਨ ਵਿਦਿਆਰਥੀ ਆਗੂ ਨਵਦੀਪ ਦਕੋਹਾ ਨੇ ਕਿਹਾ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਲਾਗੂ ਨਾ ਕਰ ਕੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਸਪਾ ਆਗੂ ਪਰਮਜੀਤ ਮੱਲ, ਵਿਜੇ ਯਾਦਵ, ਕੁਲਦੀਪ ਬੰਗੜ, ਅੰਮਿ੍ਤਪਾਲ ਭੌਂਸਲੇ, ਰਣਜੀਤ ਕੁਮਾਰ, ਸੋਮ ਲਾਲ, ਸਤਪਾਲ ਬੱਧਣ, ਬਲਜੀਤ ਮਿੱਠੂ ਬਸਤੀ, ਹਰਮੇਸ਼ ਖੁਰਲਾ ਕਿੰਗਰਾ, ਮਹਿੰਦਰ ਪਾਲ, ਆਨੰਦ ਰੱਲ, ਹੈਪੋ ਿਢੱਲਵਾਂ, ਮਦਨ ਬਿੱਲਾ, ਦਲਵਿੰਦਰ ਮਕਸੂਦਾਂ, ਵਿਸ਼ਾਲ ਨੁਸੀ ਤੇ ਰਵੀ ਵਿਰਦੀ ਆਦਿ ਵੀ ਮੌਜੂਦ ਸਨ।