ਅਮਰਜੀਤ ਸਿੰਘ, ਜੰਡੂ ਸਿੰਘਾ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਬਰਾਂ ਨੇ ਸ਼ੁੱਕਰਵਾਰ ਪਿੰਡ ਜੰਡੂ ਸਿੰਘਾ ਦਾ ਉਚੇਚੇ ਤੌਰ 'ਤੇ ਦੌਰਾ ਕਰਦਿਆਂ ਘਾਗ ਪੱਟੀ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ। ਕਮਿਸ਼ਨ ਦੇ ਮੈਂਬਰ ਗਿਆਨ ਚੰਦ ਤੇ ਪ੍ਰਭਦਿਆਲ ਰਾਮਪੁਰ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ ਤਿੰਨ ਮਹੀਨੇ ਪਹਿਲਾ ਘਾਗ ਪੱਟੀ ਜੰਡੂ ਸਿੰਘਾ ਦੇ ਸਮੂਹ ਵਸਨੀਕਾਂ ਦੀ ਸਾਂਝੀ ਸ਼ਿਕਾਇਤ ਆਈ ਸੀ ਕਿ ਗਲੀਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਗੰਦਾ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਸੀਵਰੇਜ ਨਾ ਹੋਣ ਕਰ ਕੇ ਪਾਣੀ ਘਰਾਂ ਵਿਚ ਦਾਖਲ ਹੋ ਜਾਂਦਾ ਹੈ। ਇਸ ਸ਼ਿਕਾਇਤ 'ਤੇ ਐੱਸਸੀ ਕਮਿਸ਼ਨ ਵੱਲੋਂ ਡੀਸੀ ਜਲੰਧਰ ਪਾਸੋਂ ਰਿਪੋਟ ਵੀ ਮੰਗੀ ਪਰ ਸਮੇਂ ਸਿਰ ਰਿਪੋਟ ਨਾ ਮਿਲਣ ਕਾਰਨ ਅੱਜ ਕਮਿਸ਼ਨ ਮੁਹੱਲਾ ਵਾਸੀਆਂ ਨੂੰ ਮਿਲਿਆ ਤੇ ਮੌਕਾ ਦੇਖਿਆ ਗਿਆ। ਮੌਕੇ ਦੇਖਣ ਉਪਰੰਤ ਸਮੱਸਿਆਵਾਂ ਸਹੀ ਪਾਈਆਂ ਗਈਆਂ। ਗੰਦੇ ਪਾਣੀ ਦੀ ਸਮੱਸਿਆਂ ਦੇ ਪੱਕੇ ਹੱਲ ਲਈ ਮੌਕੇ ਪੁੱਜੇ ਬੀਡੀਪੀਓ ਆਦਮਪੁਰ ਸੇਵਾ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਘਾਗ ਪੱਟੀ ਦੇ ਵਸਨੀਕਾਂ ਦੀ ਸਮੱਸਿਆ ਦਾ ਹੱਲ ਜਲਦ ਹੋਵੇਗਾ। ਇਸ ਸਬੰਧੀ ਡੀਸੀ ਤੋਂ ਪਹਿਲੀ ਨਵੰਬਰ ਤਕ ਰਿਪੋਰਟ ਮੰਗੀ ਹੈ। ਇਸ ਮੌਕੇ ਤਹਿਸੀਲਦਾਰ ਜਲੰਧਰ-2 ਪ੍ਰਵੀਨ ਕੁਮਾਰ ਿਛੱਬਰ, ਤਹਿਸੀਲ ਭਲਾਈ ਅਫਸਰ, ਪੰਚਾਇਤ ਅਫਸਰ ਜਗਜੀਤ ਸਿੰਘ, ਏਐੱਸਆਈ ਭਗਵੰਤ ਸਿੰਘ ਚੌਕੀ ਇੰਚਾਰਜ ਜੰਡੂ ਸਿੰਘਾ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।