ਪੰਜਾਬੀ ਜਾਗਰਣ ਟੀਮ, ਸ਼ਾਹਕੋਟ/ਸੁਲਤਾਨਪੁਰ ਲੋਧੀ : ਪੰਜਾਬ ਵਿਚ ਕੋਰੋਨਾ ਮਹਾਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੇ ਸੱਦੇ ਨੂੰ ਪਰਵਾਸੀ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਵਾਤਾਵਰਣ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ 'ਤੇ ਜ਼ੂਮ ਮੀਟਿੰਗ ਵਿੱਚ 7 ਦੇਸ਼ਾਂ ਦੇ ਪਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਦੁਬਈ ਤੋਂ ਵੱਡੇ ਕਾਰੋਬਾਰੀ ਐੱਸਪੀ ਸਿੰਘ ਓਬਰਾਏ ਨੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ 'ਤੇ 10 ਆਕਸੀਜਨ ਪਲਾਂਟ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਮੀਟਿੰਗ ਦੌਰਾਨ ਹੀ ਮਹਾਰਾਸ਼ਟਰ ਤੋਂ ਜੁੜੇ ਹੋਏ ਆਨੰਦ ਆਲੋਸਕਰ ਨੂੰ ਤਿੰਨ ਪੀ. ਸੀ. ਏ. ਆਕਸੀਜਨ ਪਲਾਂਟ ਵਿਕਸਤ ਕਰਨ ਲਈ ਕਿਹਾ।

ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਦਿੱਲੀ ਤੇ ਮੁੰਬਈ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਜੋ ਹਾਲਾਤ ਬਣੇ ਹੋਏ ਹਨ ਇਹੋ ਜਿਹੇ ਹਾਲਾਤ ਪੰਜਾਬ ਦੇ ਨਾ ਬਣਨ। ਕੋਰੋਨਾ ਦੀ ਦੂਜੀ ਲਹਿਰ ਨਾਲ ਕਿਵੇਂ ਇੱਕ-ਦੂਜੇ ਦਾ ਸਾਥ ਦੇ ਕੇ ਇਸ ਦਾ ਮੁਕਾਬਲਾ ਕਰੀਏ। ਔਖੀ ਘੜੀ ਵਿੱਚ ਇੱਕ-ਦੂਜੇ ਦੀ ਮਦਦ ਕਰੀਏ ਨਾ ਕਿ ਮੁਨਾਫੇ ਦੀ ਹੋੜ ਵਿੱਚ ਲੁੱਟ ਮਚਾਈ ਜਾਵੇ।

ਮੀਟਿੰਗ ਦੌਰਾਨ ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ 'ਤੇ ਇੰਤਜ਼ਾਮ ਕੀਤੇ ਜਾਣ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ। ਸੰਤ ਸੀਚੇਵਾਲ ਨੇ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਬੱਚਣ। ਪਰਵਾਸੀ ਪੰਜਾਬੀਆਂ ਨੇ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਲਈ ਵੀ ਸੰਤ ਸੀਚੇਵਾਲ ਨੂੰ ਅਪੀਲ ਕੀਤੀ। ਕਰੋਨਾ ਦੇ ਬਚਾਅ ਲਈ ਦੇਸੀ ਕਾੜ੍ਹੇ ਬਣਾ ਕੇ ਪੀਣ ਦੀ ਸਲਾਹ ਦਿੱਤੀ ਗਈ।

ਸੰਤ ਸੀਚੇਵਾਲ ਨੇ ਕਰੋਨਾ ਦੇ ਡਰ ਨੂੰ ਘਟਾਉਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਹਸਪਤਾਲਾਂ ਵੱਲ ਦੌੜਨ ਦੀ ਥਾਂ ਘਰਾਂ ਵਿੱਚ ਹੀ ਰਹਿ ਕੇ ਸਾਵਧਾਨੀਆਂ ਵਰਤੀਆਂ ਜਾਣ। ਹਸਪਤਾਲ ਉਦੋਂ ਹੀ ਜਾਇਆ ਜਾਵੇ ਜਦੋਂ ਲੈਵਲ ਤਿੰਨ ਦੀ ਲੋੜ ਪੈਂਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਸਤਲੁਜ ਦਰਿਆ ਵਿੱਚ ਹੜ੍ਹ ਆਇਆ ਸੀ ਤਾਂ ਉਦੋਂ ਪੰਜਾਬ ਦੇ ਲੋਕਾਂ ਨੇ ਰਲ ਕੇ ਇਸ ਨੂੰ ਬੰਨ੍ਹ ਲਾ ਕੇ ਰੋਕਿਆ ਸੀ। ਉਸੇ ਤਰ੍ਹਾਂ ਇੱਕਜੁੱਟ ਹੋ ਕੇ ਕੋਰੋਨਾ ਦੀ ਦੂਜੀ ਲਹਿਰ ਨੂੰ ਠੱਲਿ੍ਹਆ ਜਾ ਸਕਦਾ ਹੈ।

ਇਸ ਆਨਲਾਈਨ ਮੀਟਿੰਗ ਵਿੱਚ ਦੁਬਈ ਤੋਂ ਐੱਸਪੀ ਓਬਰਾਏ, ਅਮਰੀਕਾ ਤੋਂ ਮਲਕੀਤ ਸਿੰਘ ਬੋਪਾਰਾਏ, ਕੈਨੇਡਾ ਤੋਂ ਮਨਜੀਤ ਸਿੰਘ ਮਠਾੜੂ, ਮੁਕਲ ਸ਼ਰਮਾ, ਆਸਟੇ੍ਲੀਆ ਤੋਂ ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਯੂਕੇ ਤੋਂ ਰਣਜੀਤ ਸਿੰਘ ਜਵੰਦਾ, ਅਜੈਬ ਸਿੰਘ ਗਰਚਾ, ਨਰਿੰਦਰ ਸਿੰਘ ਪੱਡਾ, ਜਸਵਿੰਦਰ ਸਿੰਘ, ਮਨੀਲਾ ਤੋਂ ਹਰਦੀਪ ਸਿੰਘ, ਕੈਲੀ ਸੀਬੂ, ਇਟਲੀ ਤੋਂ ਮਨਦੀਪ ਕੌਰ, ਗੁਰਮੁਖ ਸਿੰਘ ਸਮੇਤ ਹੋਰ ਪਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ ਤੇ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਵਾਈਸ ਪਿ੍ੰਸੀਪਲ ਕੁਲਵਿੰਦਰ ਸਿੰਘ ਤੇ ਗੱਤਕਾ ਕੋਚ ਗੁਰਵਿੰਦਰ ਕੌਰ ਹਾਜ਼ਰ ਸਨ।