ਪਿ੍ਤਪਾਲ ਸਿੰਘ, ਸ਼ਾਹਕੋਟ : ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸ਼ਾਹਕੋਟ ਪ੍ਰਸ਼ਾਸ਼ਨ ਵਲੋ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਕਾਂਤਵਾਸ (ਹੋਮ ਕੁਆਰੰਟਾਈਨ) ਹੋਣ ਲਈ ਕਿਹਾ ਗਿਆ ਹੈ । ਉਹ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨੂੰ 13 -14 ਮਾਰਚ ਨੂੰ ਮਿਲੇ ਸਨ । ਜੋ ਕਿ ਕੋਰੋਨਾ ਪਾਜੇਟਿਵ ਪਾਏ ਜਾਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ।

ਸ਼ਾਹਕੋਟ ਦੇ ਐਸਡੀਐਮ ਡਾ ਸੰਜੀਵ ਕੁਮਾਰ ਸ਼ਰਮਾ ਤੇ ਡੀਐਸਪੀ ਪਿਆਰਾ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ, ਪੁਲਿਸ ਤੇ ਸਿਹਤ ਵਿਭਾਗ ਦੀਆ ਟੀਮਾਂ ਨੇ ਐਸ ਐਮ ੳ ਲੋਹੀਆ ਡਾ ਦਵਿੰਦਰ ਸਮਰਾ ਨਾਲ ਅੱਜ ਪਿੰਡ ਸੀਚੇਵਾਲ ਵਿਖੇ ਸੰਤ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾ ਦੀ ਸਿਹਤ ਦਾ ਹਾਲ ਚਾਲ ਪੁਛਦਿਆਂ ਉਨ੍ਹਾ ਨੂੰ ਇਤਿਆਤ ਵਰਤਣ ਤੇ ਕੁਝ ਸਮੇ ਲਈ ਇਕਾਂਤਵਾਸ (ਹੋਮ ਕੁਆਰੰਟਾਈਨ) ਹੋਣ ਲਈ ਕਿਹਾ ਗਿਆ ਹੈ।

ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗੀ ਤੇ ਪਿੰਡ ਦੇ ਪੰਚ ਸੁਰਜੀਤ ਸਿੰਘ ਸ਼ੰਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਤ ਬਾਬਾ ਬਲਬੀਰ ਸਿੰਘ ਜੀ ਬਿਲਕੁਲ ਤੰਦਰੁਸਤ ਹਨ ਤੇ ਉਹ ਅੱਜ ਵੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਦਵਾਈ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 13 ਮਾਰਚ ਨੂੰ ਬਾਬਾ ਜੀ ਨੂੰ ਭਾਈ ਨਿਰਮਲ ਸਿੰਘ ਖਾਲਸਾ ਮਿਲ ਕੇ ਗਏ ਸਨ ਤੇ ਅੱਜ 2 ਅਪ੍ਰੈਲ ਹੋ ਗਈ ਹੈ, ਜਿਸ ਕਾਰਨ ਉਨੀ ਦਿਨ ਹੋ ਗਏ ਹਨ ਤੇ ਹੁਣ ਡਰਨ ਵਾਲੀ ਕੋਈ ਗੱਲ ਨਹੀ ਹੈ।

Posted By: Jagjit Singh