ਅਮਰਜੀਤ ਸਿੰਘ ਵੇਹਗਲ, ਜਲੰਧਰ

ਪਿਛਲੇ ਲੰਮੇਂ ਸਮੇਂ ਖਸਤਾ ਹਾਲਤ 'ਚ ਪੁਲ ਨੂੰ 'ਮੌਤ ਦੀ ਤਿਆਰੀ ਦਾ ਨਾਂ' ਦੇ ਕੇ ਇਲਾਕਾ ਨਿਵਾਸੀਆਂ, ਸੰਤ ਸੁਖਵੰਤ ਸਿੰਘ ਤੇ ਸਰਪੰਚ ਯਸ਼ਪਾਲ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਕੇ ਬੰਦ ਕਰਵਾ ਦਿੱਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਪੁਲ ਨੂੰ ਬਣਾਉਣ ਲਈ ਕੁਝ ਵਕਤ ਦਿੱਤਾ ਸੀ। ਸੰਤ ਸੁਖਵੰਤ ਸਿੰਘ ਨੇ ਐਲਾਨ ਕੀਤਾ ਗਿਆ ਸੀ ਕਿ ਜੇ ਪ੍ਰਸ਼ਾਸਨ ਵੱਲੋਂ ਨਿਰਧਾਰਤ ਸਮੇਂ ਚ ਇਹ ਪੁਲ ਨਹੀਂ ਬਣਾਇਆ ਤਾਂ ਉਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੁਲ ਦੀ ਉਸਾਰੀ ਆਰੰਭ ਕਰਵਾ ਦੇਣਗੇ। ਪ੍ਰਸ਼ਾਸਨ ਨੂੰ ਦਿੱਤੇ ਸਮੇਂ 'ਚ ਉਸਾਰੀ ਨਾ ਹੋਣ 'ਤੇ ਮੰਗਲਵਾਰ ਪਿੰਡ ਨਾਹਲਾਂ 'ਚ ਸਥਿਤ ਬਾਬਾ ਝੰਡਾ ਸਾਹਿਬ ਦੇ ਸੰਚਾਲਕ ਸੰਤ ਸੁਖਵੰਤ ਸਿੰਘ ਤੇ ਸਰਪੰਚ ਯਸਪਾਲ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਰਜੀ ਪੁਲ ਤਿਆਰ ਕਰਵਾ ਕੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਸੰਤ ਸੁਖਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਸਪਾਲ ਵੱਲੋਂ ਪਹਿਲਾਂ ਇਸ ਪੁਲ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨੂੰ ਫਰਿਆਦ ਕੀਤੀ ਗਈ ਸੀ। ਖਸਤਾ ਹਾਲਤ ਦਾ ਪੁਲ ਬੰਦ ਹੋਣ ਦੌਰਾਨ ਰਾਹਗੀਰਾਂ ਨੂੰ ਆਸ ਪਾਸ ਦੇ ਪਿੰਡਾਂ ਤੇ ਖਾਸ ਕਰਕੇ ਕਾਮਿਆਂ ਨੂੰ ਲੈਦਰ ਕੰਪਲੈਕਸ 'ਚ ਕੰਮ ਤੇ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਮੁਸ਼ਕਲਾਂ ਨੂੰ ਦੇਖਦਿਆਂ ਇਹ ਆਰਜੀ ਪੁਲ ਤਿਆਰ ਕਰਵਾਇਆ ਗਿਆ ਹੈ। ਸੰਤ ਸੁਖਵੰਤ ਸਿੰਘ ਨੇ ਉਸਾਰੀ 'ਚ ਮਦਦ ਕਰਨ ਵਾਲੀ ਸੰਗਤ ਦਾ ਧੰਨਵਾਦ ਕੀਤਾ।

ਪਿੰਡ ਵਾਸੀ ਵੀ ਪ੍ਰਸ਼ਾਸਨਿਕ ਅਧਿਕਾਰੀ ਤੋਂ ਘੱਟ ਨਹੀਂ : ਸਰਪੰਚ

ਪਿੰਡ ਨਾਹਲਾਂ ਦੇ ਸਰਪੰਚ ਯਸ਼ਪਾਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਹੋਣ ਦੌਰਾਨ ਉਨ੍ਹਾਂ ਵੱਲੋਂ ਬਾਬਾ ਝੰਡਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਸੁਖਵੰਤ ਸਿੰਘ ਦੀ ਅਗਵਾਈ 'ਚ ਸੰਗਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਰਜੀ ਪੁਲ ਤਿਆਰ ਕਰਵਾ ਕੇ ਪ੍ਰਸ਼ਾਸਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਪਿੰਡ ਵਾਸੀਆਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਘੱਟ ਨਹੀਂ।

ਮਾਰਚ 'ਚ ਖੁੱਲ੍ਹਣਗੇ ਟੈਂਡਰ : ਰਿੰਕੂ

ਹਲਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਪਿੰਡ ਵਾਸੀਆਂ ਵੱਲੋਂ ਆਰਜ਼ੀ ਪੁਲ ਖੁਦ ਤਿਆਰ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇੱਥੇ ਪੁਲ ਬਣਾਉਣ ਲਈ ਟੈਂਡਰ ਲਾ ਦਿੱਤੇ ਗਏ ਸਨ, ਜੋ ਕਿ ਮਾਰਚ ਮਹੀਨੇ 'ਚ ਖੋਲ੍ਹੇ ਜਾਣਗੇ। ਇਸ ਸਥਾਨ 'ਤੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਪੁਲ ਬਣਾਇਆ ਜਾਵੇਗਾ।