ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੰਸਕਾਰਾਂ ਦੇ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ, ਕਿਉਂਕਿ ਸੰਸਕਾਰਹੀਨ ਵਿਅਕਤੀ ਜ਼ਿੰਦਗੀ 'ਚ ਕਦੀ ਤਰੱਕੀ ਨਹੀਂ ਕਰ ਸਕਦਾ। ਜੇਕਰ ਉਹ ਕਿਸੇ ਤਰ੍ਹਾਂ ਸਫਲਤਾ ਹਾਸਲ ਕਰ ਵੀ ਲਵੇ ਤਾਂ ਸੰਸਕਾਰਾਂ ਦੇ ਬਿਨਾਂ ਜ਼ਿਆਦਾ ਦੇਰ ਸਫਲ ਨਹੀਂ ਰਹਿੰਦਾ। ਇਹ ਪ੍ਰਗਟਾਵਾ ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਦੇ ਪਿੰ੍ਸੀਪਲ ਸੰਜੇ ਸ਼ਰਮਾ ਨੇ 'ਪੰਜਾਬੀ ਜਾਗਰਣ' ਤੇ 'ਦੈਨਿਕ ਜਾਗਰਣ' ਵੱਲੋਂ ਕਰਵਾਏ ਗਏ ਸੰਸਕਾਰਸ਼ਾਲਾ ਪ੍ਰਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸੰਸਕਾਰਾਂ ਦੀ ਬਦੌਲਤ ਹੀ ਆਪਣੀ ਪਛਾਣ ਦੇਸ਼-ਵਿਦੇਸ਼ ਵਿਚ ਬਣਾ ਚੁੱਕੇ ਹਾਂ। ਏਹੋ ਕਾਰਨ ਹੈ ਕਿ ਸਾਡੇ ਸੰਸਕਾਰ ਤੇ ਸੱਭਿਆਚਾਰ ਨੂੰ ਹੁਣ ਵਿਦੇਸ਼ੀ ਵੀ ਅਪਨਾਉਣ ਲੱਗ ਪਏ ਹਨ ਪਰ ਅਸੀਂ ਪੱਛਮੀ ਸੱਭਿਆਚਾਰ ਦੇ ਮਗਰ ਲੱਗ ਕੇ ਆਪਣੇ ਸੰਸਕਾਰਾਂ ਤੇ ਸਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪਹਿਲਾਂ ਵੱਡੇ-ਵੱਡੇ ਪਰਿਵਾਰ ਹੁੰਦੇ ਸਨ ਜੋ ਹੁਣ ਛੋਟੇ ਹੋ ਗਏ ਹਨ, ਜਦਕਿ ਵਿਦੇਸ਼ ਵਿਚ ਪਰਿਵਾਰਾਂ ਤੇ ਰਿਸ਼ਤਿਆਂ ਦੀ ਅਹਿਮੀਅਤ ਸਮਝੀ ਜਾਣ ਲੱਗ ਪਈ ਹੈ। ਸਾਨੂੰ ਫਿਰ ਤੋਂ ਸਾਂਝੇ ਪਰਿਵਾਰ ਵਿਚ ਰਹਿ ਕੇ ਰਿਸ਼ਤਿਆਂ ਦੀ ਕੀਮਤ ਸਮਝਣੀ ਚਾਹੀਦੀ ਹੈ। ਇਸ ਮੌਕੇ ਅਧਿਆਪਕ ਸੁਦਰਸ਼ਨ ਸ਼ਰਮਾ ਨੇ ਕਿਹਾ ਕਿ ਸੰਸਕਾਰਾਂ ਦੀ ਅਹਿਮੀਅਤ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੋਲਚਾਲ ਤੇ ਵਿਹਾਰ ਤੋਂ ਸੰਸਕਾਰ ਝਲਕਦੇ ਹਨ। ਹਰ ਇਕ ਦੇ ਪ੍ਰਤੀ ਆਦਰ ਤੇ ਸਤਿਕਾਰ ਨਾਲ ਇਸ ਲੜਾਈ ਝਗੜਿਆਂ ਤੋਂ ਬਚਿਆ ਜਾ ਸਕਦਾ ਹੈ।