ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਵਲ ਸਰਜਨ ਦਫਤਰ 'ਚ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਨੂੰ ਸਿਹਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਸਿਵਲ ਸਰਜਨ ਦਫਥਰ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ 6 ਘੰਟੇ ਤਕ ਰੋਸ ਪ੍ਰਦਰਸ਼ਨ ਕੀਤਾ। ਏਡੀਸੀ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ ਮੌਕੇ 'ਤੇ ਪਹੁੰਚੇ ਅਤੇ ਤਨਖਾਹ ਜਾਰੀ ਕਰਨ ਦਾ ਭਰੋਸਾ ਦਿੱਤਾ। ਉੱਥੇ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਤਨਖਾਹ ਨਾ ਮਿਲਣ 'ਤੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਮੂਹਿਕ ਛੁੱਟੀ ਲੈ ਕੇ ਸਿਵਲ ਸਰਜਨ ਦਫਤਰ ਨੂੰ ਤਾਲਾ ਲਾ ਕੇ ਡੀਸੀ ਦਫ਼ਤਰ 'ਚ ਧਰਨਾ ਲਾਉਣ ਦੀ ਚੇਤਾਵਨੀ ਦਿੱਤੀ ਹੈ।

ਮੰਗਲਵਾਰ ਨੂੰ ਸਵੇਰੇ ਮੁਲਾਜ਼ਮਾਂ ਤੇ ਅਫਸਰਾਂ ਨੇ ਹਾਜ਼ਰੀ ਲਾ ਕੇ ਮੁੱਖ ਗੇਟ 'ਤੇ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਿਵਲ ਸਰਜਨ ਦਫਤਰ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ 'ਚੋਂ ਕਈ ਲੋਕ ਬੇਰੰਗ ਪਰਤ ਗਏ। ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਅਤੇ ਪੋ੍ਗਰਾਮ ਅਫਸਰਾਂ ਨੇ ਵੀ ਧਰਨੇ 'ਚ ਸਮਰਥਨ ਦਿੱਤਾ। ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਾਲਾਤ ਤੋਂ ਜਾਣੂ ਕਰਵਾਇਆ। ਧਰਨੇ 'ਚ ਸਿਵਲ ਹਸਪਤਾਲ ਸਟਾਫ ਦੇ ਮੈਂਬਰ ਵੀ ਸਮਰਥਨ ਲਈ ਉਤਰੇ। ਕਰੀਬ 6 ਘੰਟੇ ਤਕ ਧਰਨਾ ਚਲਦਾ ਰਿਹਾ। ਦੁਪਹਿਰ ਨੂੰ ਮੌਕੇ 'ਤੇ ਏਡੀਸੀ ਵਰਿੰਦਰ ਪਾਲ ਬਾਜਵਾ ਪਹੁੰਚੇ। ਮੌਕੇ 'ਤੇ ਮੌਜੂਦ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਸਥਿਤੀ ਤੋਂ ਜਾਣੂ ਕਰਵਾਇਆ। ਏਡੀਸੀ ਨੇ ਛੇਤੀ ਹੀ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਧਾਨ ਦਿਨੇਸ਼ ਕੁਮਾਰ, ਸੁਭਾਸ਼ ਮੱਟੂ ਅਤੇ ਅਵਤਾਰ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੁੱਧਵਾਰ ਨੂੰ ਉਨ੍ਹਾਂ ਨੂੰ ਤਨਖਾਹ ਨਾ ਮਿਲੀ ਤਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਟਾਫ ਦੇ ਮੈਂਬਰ ਸਮੂਹਿਕ ਛੁੱਟੀ 'ਤੇ ਰਹਿਣਗੇ। ਇਸ ਦੌਰਾਨ ਸਿਵਲ ਸਰਜਨ ਦਫਤਰ ਨੂੰ ਤਾਲਾ ਲਾ ਦਿੱਤਾ ਜਾਵੇਗਾ ਅਤੇ ਡੀਸੀ ਦਫਤਰ 'ਚ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ।

ਨਕੋਦਰ 'ਚ ਰਹਿਣ ਵਾਲੇ ਇਕ ਡਾਕਟਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਰੀਬ 86.43 ਲੱਖ ਰੁਪਏ ਦੀ ਅਦਾਇਗੀ ਤੋਂ ਬਾਅਦ ਸਿਹਤ ਵਿਭਾਗ ਨੇ ਮੁਲਾਜ਼ਮਾਂ ਨੂੰ ਤਨਖਾਹ 'ਤੇ ਰੋਕ ਲਾਉਣ ਤੋਂ ਬਾਅਦ ਮੁਲਾਜ਼ਮ ਪਿਛਲੇ 1 ਹਫਤੇ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਨਕੋਦਰ ਦੇ ਰਹਿਣ ਵਾਲੇ ਡਾਕਟਰ ਨੇ ਸਿਹਤ ਵਿਭਾਗ ਤੋਂ ਡਿਊਟੀ 'ਤੇ ਗੈਰਹਾਜ਼ਰ ਰਹਿਣ ਦੇ ਮਾਮਲੇ 'ਚ ਕੇਸ ਜਿੱਤਣ ਤੋਂ ਬਾਅਦ ਕਰੀਬ 2 ਸਾਲ ਪਹਿਲਾਂ ਪੈਸਿਆਂ ਦੀ ਅਦਾਇਗੀ ਦਾ ਕੇਸ ਵੀ ਜਿੱਤਿਆ ਸੀ। ਇਸ ਮਾਮਲੇ 'ਚ ਅਦਾਲਤ ਨੇ ਸਿਵਲ ਸਰਜਨ ਦਫਤਰ ਦੀ ਨਿਲਾਮੀ ਦੇ ਹੁਕਮ ਜਾਰੀ ਕੀਤੇ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਉਕਤ ਡਾਕਟਰ ਨੂੰ ਕਰੀਬ 86.43 ਲੱਖ ਰੁਪਏ ਦੀ ਅਦਾਇਗੀ ਕਰਨ ਤੋਂ ਬਾਅਦ ਵਿਭਾਗ ਦੇ ਸਕੱਤਰ ਨੇ ਵਿਭਾਗ ਵੱਲੋਂ ਪੈਰਵੀ ਕਰਨ 'ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਸਟਾਫ ਦੇ ਮੈਂਬਰਾਂ ਦੇ ਨਾਂ ਮੰਗੇ ਸਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ, ਜ਼ਿਲ੍ਹਾ ਪਰਿਵਾਰ ਕਲਿਆਣ ਅਫਸਰ ਡਾ. ਰਾਕੇਸ਼ ਚੋਪੜਾ, ਪਵਨ ਕੁਮਾਰ, ਤੇਜਿੰਦਰ ਸਿੰਘ, ਮਿਨਾਕਸ਼ੀ ਧੀਰ, ਸੁਰਿੰਦਰ ਕੁਮਾਰ, ਹਿੰਦਪਾਲ, ਗੁਰਜੀਤ ਸਿੰਘ, ਲੱਕੀ, ਰਮੇਸ਼ ਸੋਢੀ, ਅਨਿਲ ਕੁਮਾਰ, ਰਾਜ ਰਾਣੀ ਤੇ ਹੋਰ ਹਾਜ਼ਰ ਸਨ।

-------------

ਬਾਰਿਸ਼ ਤੇਜ਼ ਹੋਣ 'ਤੇ ਸਾਮਾਨ ਸਮੇਟ ਵਿਹੜੇ 'ਚ ਦਿੱਤਾ ਧਰਨਾ

ਸਿਵਲ ਸਰਜਨ ਦਫਤਰ ਦੇ ਗੇਟ 'ਤੇ ਤਾਲਾ ਲਾ ਕੇ ਸਿਹਤ ਮੁਲਾਜ਼ਮਾਂ ਨੇ ਕਿਣਮਿਣ ਦੌਰਾਨ ਰੋਸ ਪ੍ਰਦਰਸ਼ਨ ਕੀਤਾ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬਾਰਿਸ਼ ਤੇਜ਼ ਹੋਣ ਲੱਗੀ ਤਾਂ ਮੁਲਾਜ਼ਮਾਂ ਨੇ ਸਾਮਾਨ ਸਮੇਟਿਆ ਅਤੇ ਦਫਤਰ ਦੇ ਵਿਹੜੇ ਵਿਚ ਰੋਸ ਪ੍ਰਦਰਸ਼ਨ ਕੀਤਾ। ਬਾਰਿਸ਼ ਰੁਕਣ ਤੋਂ ਬਾਅਦ ਫਿਰ ਮੁੱਖ ਗੇਟ ਦੇ ਬਾਹਰ ਧਰਨਾ ਸ਼ੁਰੂ ਕੀਤਾ।