ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਰਵਿਦਾਸ ਮੰਦਰ ਪੁਨਰ ਨਿਰਮਾਣ ਸੰਘਰਸ਼ ਸਮਿਤੀ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮਿ੍ਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੇ ਸੰਤ ਦਿਆਲ ਚੰਦ ਬੰਗਾ ਤੋਂ ਇਲਾਵਾ ਮਿਸ਼ਨ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ 10 ਅਗਸਤ 2019 ਨੂੰ ਡੀਡੀਏ ਵੱਲੋਂ ਸਤਿਗੁਰੂ ਰਵਿਦਾਸ ਜੀ ਦਾ ਮੰਦਰ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਦਾ ਇਹ ਮੰਨਣਾ ਹੈ ਕਿ ਸ੍ਰੀ ਗੁਰੂੁ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਤੋੜਨ ਪਿੱਛੇ ਆਰਐੱਸਐੱਸ ਤੇ ਭਾਜਪਾ ਸਰਕਾਰ ਦੇ ਸਿਆਸੀ ਨੀਤੀ ਘਾੜਿਆਂ ਦਾ ਵੱਡਾ ਹੱਥ ਹੈ।

ਸੰਤ ਹੀਰਾ ਨੇ ਕਿਹਾ ਕਿ 21 ਤਰੀਕ ਨੂੰ 'ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ' ਸ੍ਰੀ ਗੁਰੂੁ ਰਵਿਦਾਸ ਸਾਧੂ ਸੰਪ੍ਰਦਾਵਾਂ ਦੇ ਸੰਤ ਸਮਾਜ ਦੀ ਅਗਵਾਈ ਹੇਠ ਗੁਰੂੁ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਬਹੁਜਨ ਸਮਾਜ ਪਾਰਟੀ ਤੇ ਅੰਬੇਡਕਰ ਜਥੇਬੰਦੀਆਂ ਦੇ ਵਰਕਰ ਤੇ ਲੱਖਾਂ ਦੀ ਗਿਣਤੀ 'ਚ ਸੰਗਤ ਵੱਲੋਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਸ੍ਰੀ ਗੁਰੂੁ ਰਵਿਦਾਸ ਮੰਦਰ ਨੂੰ ਢਾਹੁਣ ਤੇ ਗੁਰੂੁ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੇ ਵਿਰੋਧ 'ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਪਿੁਲਸ ਤੇ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ 'ਤੇ ਕੀਤਾ ਲਾਠੀਚਾਰਜ ਬਹੁਤ ਮੰਦਭਾਗੀ ਘਟਨਾ ਹੈ। ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਹੋਈ ਐੱਫਆਈਆਰ ਰੱਦ ਕਰਨ ਲਈ ਉਹ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਮਿਲੇ ਤੇ ਮੈਮੋਰੰਡਮ ਰਾਹੀਂ ਮੰਦਰ ਦੀ ਮੁੜ ਉਸਾਰੀ ਅਤੇ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਜਦੋਂ ਸੰਤ ਸਤਵਿੰਦਰ ਹੀਰਾ ਮੁੱਖ ਮੰਤਰੀ ਨੂੰ ਮਿਲ ਕੇ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਪੈਰਾਂ ਦੀ ਜੁੱਤੀ ਟੁੱਟ ਗਈ ਤਾਂ ਉਨ੍ਹਾਂ ਉਸੇ ਵਕਤ ਮੁੱਖ ਮੰਤਰੀ ਦੇ ਦਫ਼ਤਰ 'ਚ ਹੀ ਆਪਣੀ ਜੁੱਤੀ ਉਤਾਰ ਦਿੱਤੀ ਤੇ ਕਿਹਾ ਕਿ ਉਹ ਹੁਣ ਪੈਰਾਂ 'ਚ ਜੁੱਤੀ ਉਦੋਂ ਹੀ ਪਾਉਣਗੇ, ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦਾ ਮੁੜ ਨਿਰਮਾਣ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਉਹ ਨੰਗੇ ਪੈਰੀਂ ਚੱਲਣਗੇ, ਉਨ੍ਹਾਂ ਨੂੰ ਕੌਮ ਦੇ ਦੁੱਖ ਦਾ ਅਹਿਸਾਸ ਹੁੰਦਾ ਰਹੇਗਾ ਤੇ ਧਿਆਨ ਹਮੇਸ਼ਾ ਕੌਮ ਨੂੰ ਇਨਸਾਫ਼ ਦਿਵਾਉਣ ਵੱਲ ਹੀ ਲੱਗਾ ਰਹੇਗਾ। ਉਨ੍ਹਾਂ ਕਿਹਾ ਜੇਲ੍ਹਾਂ ਵਿਚ ਬੰਦ ਨੌਜਵਾਨਾਂ ਦੀ ਕਾਨੂੰਨੀ ਲੜ੍ਹਾਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਤੇ ਸ੍ਰੀ ਗੁਰੂ ਰਵਿਦਾਸ ਮੰਦਰ ਪੁਨਨਿਰਮਾਣ ਸੰਘਰਸ਼ ਸਮਿਤੀ ਵੱਲੋਂ ਲੜੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਰਵਿੰਦਰ ਸਿੰਘ, ਨਰਿੰਦਰ ਜੱਸੀ ਸੈਂਟਰ ਕਮੇਟੀ, ਪ੍ਰਰੋਫੈਸਰ ਰਾਣਾ, ਜੋਗਿੰਦਰ ਸਿੰਘ, ਰਾਨੀ ਚੌਪੜਾ, ਵੀਕੇ ਸਿੰਘ, ਡਾ. ਕਲਸੀ ਧਰਮ ਗੁਰੂ ਆਦਿਵੰਸ਼ੀ, ਅਮਰ ਪਾਲ, ਬਨਾਰਸੀ ਦਾਸ ਪ੍ਰਚਾਰਕ, ਪਿ੍ਰੰਸੀਪਲ ਰਾਮ ਸਿੰਘ ਸ਼ੁਕਲਾ ਹਿਮਾਚਲ, ਓਮ ਪ੍ਰਕਾਸ਼ ਪ੍ਰਧਾਨ ਦਿੱਲੀ ਯੂਨਿਟ ਤੇ ਸੁਖਚੈਨ ਸਿੰਘ ਵੀ ਹਾਜ਼ਰ ਸਨ।