ਜਤਿੰਦਰ ਪੰਮੀ/ ਪੰਜਾਬੀ ਜਾਗਰਣ ਬਿਊਰੋ, ਜਲੰਧਰ/ਚੰਡੀਗੜ੍ਹ : ਪੰਜਾਬ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। 68 ਸਾਲਾਂ ਦੇ ਮੇਜਰ ਸਿੰਘ ਨੂੰ ਪਿਛਲੇ ਦਿਨੀਂ ਦਿਲ ਦਾ ਦੌਰਾ ਪਿਆ ਸੀ ਅਤੇ ਇਲਾਜ ਲਈ ਹਸਪਤਾਲ ਦਾਖਲ ਸਨ। ਸ਼ਨਿੱਚਰਵਾਰ ਸਵੇਰੇ ਸਾਢੇ ਛੇ ਵਜੇ ਉਨ੍ਹਾਂ ਆਖਰੀ ਸਾਹ ਲਏ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੇਜਰ ਸਿੰਘ ਨੂੰ ਉੱਘਾ ਪੱਤਰਕਾਰ ਅਤੇ ਚੰਗੇ ਗੁਣਾਂ ਦਾ ਧਾਰਨੀ ਇੱਕ ਵਧੀਆ ਇਨਸਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੇਜਰ ਸਿੰਘ ਨੂੰ ਸੂਬੇ ਦੀ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਸੂਝ-ਬੂਝ ਤੋਂ ਇਲਾਵਾ ਪੰਜਾਬੀ ਸਭਿਆਚਾਰ ’ਤੇ ਵੀ ਚੰਗੀ ਪਕੜ ਸੀ, ਜਿਨਾਂ ਨੇ ਹਮੇਸ਼ਾ ਪ੍ਰੈੱਸ ਦੀ ਆਜ਼ਾਦੀ ਦੀ ਨਿੱਠ ਕੇ ਪ੍ਰੋੜਤਾ ਕੀਤੀ ਅਤੇ ਪੱਤਰਕਾਰੀ ਦੇ ਪਾਸਾਰ ਤੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਮੇਜਰ ਸਿੰਘ ਦੇ ਦੇਹਾਂਤ ਨਾਲ ਪੱਤਰਕਾਰੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਂਤਮਿਕ ਸ਼ਾਂਤੀ ਬਖ਼ਸ਼ਣ।

ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਮੇਜਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮੇਜਰ ਸਿੰਘ ਨੂੰ ਨਿੱਡਰ ਤੇ ਨਿਰਪੱਖ ਪੱਤਰਕਾਰੀ ਲਈ ਪਾਠਕ ਹਮੇਸ਼ਾ ਯਾਦ ਰੱਖਣਗੇ।

ਉਹ ਪੰਜਾਬ ਪ੍ਰੈਸ ਕਲੱਬ ਦੇ ਮੌਜੂਦਾ ਜਨਰਲ ਸਕੱਤਰ ਸਨ ਅਤੇ ਇਸ ਤੋਂ ਪਹਿਲਾਂ ਪ੍ਰਧਾਨ ਵੀ ਰਹੇ। ਕੁਝ ਸਮਾਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਸਨ। ਮੇਜਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਮੌਤ 'ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸੋਗ ਵਜੋਂ ਅੱਜ ਪੰਜਾਬ ਪ੍ਰੈਸ ਕਲੱਬ ਬੰਦ ਰਹੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

Posted By: Tejinder Thind