ਫੋਟੋ-153-ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਿਜਲੀ ਗੁੱਲ ਹੋਣ 'ਤੇ ਹਨੇਰੇ 'ਚ ਮੋਬਾਈਲ ਫੋਨ ਦੀ ਟਾਰਚ ਰੋਸ਼ਨੀ 'ਚ ਗੁਲੂਕੋਜ ਲਗਾਉਂਦੀਆਂ ਨਰਸ।

ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ ਜਲੰਧਰ ਦੀ ਹਾਟਲਾਈਨ ਖ਼ਰਾਬ ਹੋਣ ਕਾਰਨ ਸ਼ੁੱਕਰਵਾਰ ਨੂੰ ਸਾਰਾ ਦਿਨ ਬਿਜਲੀ ਦੇ ਕੱਟ ਲੱਗਦੇ ਰਹੇ, ਜਿਸ ਕਾਰਨ ਬੱਦਲਵਾਈ ਵਾਲੇ ਮੌਸਮ 'ਚ ਹਸਪਤਾਲ ਹਨੇਰੇ 'ਚ ਡੁੱਬਿਆ ਰਿਹਾ। ਇਸੇ ਦੌਰਾਨ ਹਸਪਤਾਲ ਦੇ ਸਟਾਫ ਨੂੰ ਮੋਬਾਈਲ ਫੋਨਾਂ ਦੀ ਰੋਸ਼ਨੀ 'ਚ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹੋਣਾ ਪਿਆ।

ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੇਰ ਰਾਤ ਕਰੀਬ ਦੋ ਵਜੇ ਸਿਵਲ ਹਸਪਤਾਲ ਦੀ ਬਿਜਲੀ ਗੁੱਲ ਹੋ ਗਈ ਸੀ, ਜੋ ਕਿ ਸਵੇਰੇ ਪੰਜ ਵਜੇ ਬਹਾਲ ਹੋਈ।

ਸ਼ੁੱਕਰਵਾਰ ਨੂੰ ਦਿਨ ਵੇਲੇ ਤਿੰਨ-ਚਾਰ ਬਿਜਲੀ ਕੱਟ ਲੱਗਣ ਨਾਲ ਹਸਪਤਾਲ ਦੇ ਵਾਰਡ ਹਨੇਰੇ 'ਚ ਡੁੱਬੇ ਰਹੇ। ਐਮਰਜੈਂਸੀ ਵਾਰਡ 'ਚ ਵੀ ਹਨੇਰੇ ਦਾ ਰਾਜ ਰਿਹਾ ਹੈ। ਇਸ ਦੌਰਾਨ ਐਮਰਜੈਂਸੀ ਵਾਰਡ 'ਚ ਗੰਭੀਰ ਹਾਲਤ 'ਚ ਆਏ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਰਸਿੰਗ ਸਟਾਫ ਨੂੰ ਖਾਸੀਆਂ ਪਰੇਸ਼ਾਨੀਆਂ ਨਾਲ ਜੂਝਣਾ ਪਿਆ। ਹਨੇਰਾ ਹੋਣ ਕਾਰਨ ਨਰਸਾਂ ਨੇ ਮੋਬਾਈਲ ਫੋਨ ਦੀ ਟਾਰਚ ਨਾਲ ਰੋਸ਼ਨੀ ਕਰਕੇ ਗੁਲੂਕੋਜ ਲਗਾਇਆ। ਨਰਸਾਂ ਅਨੁਸਾਰ ਐਮਰਜੈਂਸੀ ਦੌਰਾਨ ਇਲਾਜ ਨੂੰ ਅਧੂਰਾ ਨਹੀ ਛੱਡਿਆ ਜਾ ਸਕਦਾ। ਨਰਸਿੰਗ ਸਟਾਫ ਨੇ ਐਮਰਜੈਂਸੀ ਵਾਰਡ 'ਚ ਬਿਜਲੀ ਕੱਟਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਬੈਟਰੀ ਬੈਕਅਪ ਰੱਖਣ ਦੀ ਮੰਗ ਕੀਤੀ। ਇਸ ਸਬੰਧੀ ਗੱਲ ਕਰਦਿਆਂ ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਰੈਂਟ ਡਾ. ਚੰਨਜੀਵ ਸਿੰਘ ਨੇ ਦੱਸਿਆ ਕਿ ਹਾਟਲਾਈਨ 'ਚ ਖਰਾਬੀ ਕਾਰਨ ਦਿਨ 'ਚ ਤਿੰਨ-ਚਾਰ ਵਾਰ ਬਿਜਲੀ ਕੱਟ ਲੱਗੇ ਸਨ। ਪਾਵਰਕਾਮ ਨੂੰ ਸੂਚਿਤ ਕੀਤਾ ਗਿਆ ਹੈ। ਇਸ ਦੌਰਾਨ ਜਦੋਂ ਜਨਰੇਟਰ ਚੱਲਦਾ ਸੀ ਤਾਂ ਬਿਜਲੀ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਾਰਡ 'ਚ ਬਿਜਲੀ ਬੈਕਅਪ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ ਨੂੰ ਪੱਤਰ ਲਿਖਿਆ ਜਾਵੇਗਾ।

ਬਾਕਸ

ਤਿੰਨ ਮੁਲਾਜ਼ਮਾਂ ਦੇ ਮੋਿਢਆਂ 'ਤੇ ਹੈ ਕੰਮ ਦਾ ਬੋਝ

ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ਦੇ ਸਭ ਤੋਂ ਵੱਡੇ 550 ਬੈੱਡਾਂ ਦੀ ਸਮੱੱਰਥਾ ਵਾਲੇ ਸਿਵਲ ਹਸਪਤਾਲ ਜਲੰਧਰ 'ਚ ਬਿਜਲੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਰਫ ਤਿੰਨ ਮੁਲਾਜ਼ਮਾਂ ਦੇ ਮੋਿਢਆਂ 'ਤੇ ਭਾਰ ਹੈ। ਇਨ੍ਹਾਂ 'ਚ ਵਿਭਾਗ ਦਾ ਜੇਈ, ਇਕ ਮੁਲਾਜ਼ਮ ਤੇ ਇਕ ਠੇਕੇ 'ਤੇ ਰੱਖਿਆ ਮੁਲਾਜ਼ਮ ਸ਼ਾਮਲ ਹੈ। ਹਸਪਤਾਲ 'ਚ ਕੁੱਲ 400 ਇੰਪੇਅਰ ਦਾ ਲੋਡ ਹੈ। ਬਿਜਲੀ ਗੁੱਲ ਹੋਣ 'ਤੇ ਮੁੱਖ ਇਮਾਰਤ ਲਈ 200-200 ਕੇਵੀ ਦੇ ਦੋ, ਲਾਸ਼ਘਰ 'ਚ 25ਕੇਵੀ, ਨਸ਼ਾ ਛੁਡਾਊ ਕੇਂਦਰ 'ਚ 50 ਕੇਵੀ, ਮਦਰ ਐਂਡ ਚਾਈਲਡ ਸੈਂਟਰ 'ਚ 25 ਕੇਵੀ ਦਾ ਇਕ-ਇਕ ਜਨਰੇਟਰ ਮੁਹੱਈਆ ਕਰਵਾਇਆ ਗਿਆ ਹੈ। ਮੁਲਾਜ਼ਮਾਂ ਦੀ ਕਮੀ ਦਾ ਖਮਿਆਜ਼ਾ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ।

ਬਾਕਸ

ਹਾਟਲਾਈਨ 'ਚ ਖ਼ਰਾਬੀ ਦੀ ਨਹੀਂ ਦਿੱਤੀ ਸੂਚਨਾ

ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਏਐੱਚਐੱਸ ਬਾਂਸਲ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੀ ਹਾਟਲਾਈਨ ਖਰਾਬ ਹੋਣ ਦੀ ਉਨ੍ਹਾਂ ਦੇ ਕੋਲ ਕੋਈ ਸੂਚਨਾ ਨਹੀਂ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਉਨ੍ਹਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਤਾਂ ਕਿ ਸਮੱਸਿਆ ਦਾ ਜਲਦ ਹੱਲ ਕੱਿਢਆ ਜਾ ਸਕੇ। ਉਨ੍ਹਾ ਕਿਹਾ ਕਿ ਇਸ ਦੇ ਬਾਵਜੂੁਦ ਇਸ ਸਮੱਸਿਆ ਦਾ ਹੱਲ ਜਲਦ ਹੀ ਕੱਿਢਆ ਜਾਵੇਗਾ।