ਰਾਕੇਸ਼ ਗਾਂਧੀ, ਜਲੰਧਰ : ਐੱਸਐੱਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਪੀਪੀਐੱਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਆਮ ਪਬਲਿਕ ਦੀ ਸਹੂਲਤ ਅਤੇ ਲਾਅ ਐੱਡ ਆਰਡਰ ਨੂੰ ਕਾਇਮ ਰੱਖਣ ਲਈ ਰੂਰਲ ਰੈਪਿਡ ਰਿਸਪਾਂਸ ਸਿਸਟਮ ਨੂੰ ਅਪਗੇ੍ਡ ਕਰਦੇ ਹੋਏ ਹਰੀ ਝੰਡੀ ਦੇ ਕੇ ਐੱਸਪੀ ਹੈੱਡਕੁਆਰਟਰ ਮਨਜੀਤ ਕੌਰ ਸੈਣੀ ਨੇ ਫੀਲਡ ਵਿਚ ਰਵਾਨਾ ਕੀਤਾ।

ਐੱਸਪੀ ਹੈੱਡਕੁਆਰਟਰ ਮਨਜੀਤ ਕੌਰ ਸੈਣੀ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਨੂੰ ਯੋਜਨਾਬੱਧ ਢੰਗ ਨਾਲ ਬੀਟਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਕੰਟਰੋਲ ਰੂਮ ਦੇ ਟੈਲੀਫੋਨ ਨੰਬਰਾਂ 'ਤੇ ਆਉਣ ਵਾਲੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਪੁਲਿਸ ਪਾਰਟੀ ਤੁਰੰਤ ਮੌਕਾ ਏ ਵਾਰਦਾਤ 'ਤੇ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨੂੰ ਚਾਲੂ ਕਰਨ ਦਾ ਉਦੇਸ਼ ਕਿਸੇ ਵੀ ਸਥਿਤੀ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਲਈ ਪੁਲਿਸ ਦਾ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਾ, ਨਾਗਰਿਕਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਅਪਰਾਧੀਆਂ ਵਿਚ ਪੁਲਿਸ ਦਾ ਡਰ ਪੈਦਾ ਕਰਨਾ, ਪੇਂਡੂ ਖੇਤਰਾਂ ਨੂੰ ਚੌਵੀ ਘੰਟੇ ਸੁਰੱਖਿਆ ਪ੍ਰਦਾਨ ਕਰਨਾ, ਫੀਲਡ ਵਿਚ ਕੰਮ ਕਰਨ ਵਾਲੀਆਂ ਟੀਮਾਂ ਅਤੇ ਪੁਲਿਸ ਕੰਟਰੋਲ ਰੂਮ ਵਿਚਕਾਰ ਕੁਸ਼ਲ ਪ੍ਰਣਾਲੀ ਬਣਾਈ ਰੱਖਣਾ, ਏਰੀਆ ਸੀਿਲੰਗ, ਰੈੱਡ ਅਲਰਟ ਅਤੇ ਅਚਨਚੇਤ ਯੋਜਨਾਬੱਧ ਤੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਉਣਾ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਟ੍ਰੈਫਿਕ ਪ੍ਰਬੰਧਨ ਅਤੇ ਜ਼ਿਲ੍ਹਾ ਪੁਲਿਸ ਲਈ ਸੂਚਨਾ ਕੇਂਦਰ ਵਜੋਂ ਕੰਮ ਕਰਨਾ ਹੈ।

---

ਸਿਸਟਮ ਕਿਵੇਂ ਸ਼ੁਰੂ ਕਰੇਗਾ ਕੰਮ

ਕਿਸੇ ਵੀ ਇਲਾਕੇ ਤੋਂ ਜੇ ਪੀੜਤ ਵਾਰਦਾਤ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ 'ਚ ਫੋਨ ਕਰਦੇ ਹਨ ਤਾਂ ਸਿਸਟਮ ਆਪ੍ਰਰੇਟਰ ਟੀਮ ਸ਼ਿਕਾਇਤਕਰਤਾ ਦੀ ਲੋਕੇਸ਼ਨ ਟਰੇਸ ਕਰ ਕੇ ਡਿਜੀਟਲ ਨਕਸ਼ਾ ਪੀੜਤ ਦੇ ਨਜ਼ਦੀਕੀ ਪੀਸੀਆਰ ਦੀ ਟੀਮ ਨੂੰ ਭੇਜੇਗੀ। ਵਾਹਨ ਲੋਕੇਟਰ ਨਵੇਂ ਸਿਸਟਮ ਨਾਲ ਲੈਸ ਰਿਸਪਾਂਸ ਟੀਮ ਘੱਟੋ-ਘੱਟ ਸਮੇਂ 'ਚ ਮੌਕੇ 'ਤੇ ਪਹੁੰਚ ਕੇ ਸਹਾਇਤਾ ਕਰੇਗੀ ਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਵੇਗੀ।

---------

ਇਨ੍ਹਾਂ ਨੰਬਰਾਂ 'ਤੇ ਦਿਓ ਸੂਚਨਾ

ਰੂਰਲ ਰੈਪਿਡ ਰਿਸਪਾਂਸ ਸਿਸਟਮ ਦੀ ਸ਼ੁਰੂਆਤ ਕਰ ਕੇ ਐੱਸਐੱਸਪੀ ਜਲੰਧਰ ਨੇ ਹੈਲਪਲਾਈਨ ਨੰਬਰ 181/112 ਜਾਰੀ ਕੀਤੇ ਹਨ। ਇਨ੍ਹਾਂ 'ਤੇ ਦਿਹਾਤ ਇਲਾਕਿਆਂ 'ਚ ਵਾਰਦਾਤ ਦੌਰਾਨ ਪੀੜਤ ਸੂਚਨਾ ਦੇ ਕੇ ਸਹਾਇਤਾ ਦੀ ਮੰਗ ਕਰ ਸਕਦੇ ਹਨ। ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਨਜ਼ਦੀਕੀ ਪੀਸੀਆਰ ਟੀਮ ਪੀੜਤ ਕੋਲ ਜਲਦ ਪਹੁੰਚ ਜਾਵੇਗੀ।