ਜੇਐੱਨਐੱਨ, ਜਲੰਧਰ : ਲਗਪਗ 10 ਦਿਨ ਦੀਆਂ ਮੁਸ਼ਕਿਲਾਂ ਤੋਂ ਬਾਅਦ ਆਰਟੀਏ ਦਫ਼ਤਰ 'ਚ ਕੰਮ ਸ਼ੁਰੂ ਹੋ ਗਿਆ ਹੈ। ਐਕਸ ਇੰਡੀਆ ਲੀਵ 'ਤੇ ਚੱਲ ਰਹੀ ਸਕੱਤਰ ਡਾ. ਨਯਨ ਜੱਸਲ ਨੇ ਸੋਮਵਾਰ ਨੂੰ ਦਫ਼ਤਰ ਜੁਆਇਨ ਕਰ ਲਿਆ ਜਿਸ ਤੋਂ ਬਾਅਦ ਹੁਣ ਤਕ ਪੈਂਡਿੰਗ ਗੱਡੀਆਂ ਦੀਆਂ ਨਵੀਆਂ ਆਰਸੀਜ਼, ਰਿਨਿਊਲ ਤੇ ਟਰਾਂਸਫਰ ਨੂੰ ਮਨਜ਼ੂਰੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਪੱਕੇ ਡਰਾਈਵਿੰਗ ਲਾਇਸੈਂਸ ਦੇ ਨਾਲ ਰਿਨਿਊਲ ਵਾਲਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਆਰਟੀਏ ਸਕੱਤਰ ਦੇ ਛੁੱਟੀ 'ਤੇ ਜਾਣ ਦੇ ਲਗਪਗ 10 ਦਿਨ ਤਕ ਕੰਮ ਪੂਰੀ ਤਰ੍ਹਾਂ ਬੰਦ ਰਿਹਾ। ਲੋਕ ਡੀਐੱਲ ਤੇ ਆਰਸੀ ਲਈ ਬਿਨੈ ਕਰਦੇ ਰਹੇ ਪਰ ਸਕੱਤਰ ਦੇ ਪੱਧਰ 'ਤੇ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ। ਹਾਲਾਂਕਿ 'ਜਾਗਰਣ' ਵੱਲੋਂ ਹਾਲਾਤ ਉਜਾਗਰ ਕਰਨ ਮਗਰੋਂ ਅੰਮਿ੍ਤਸਰ ਦੇ ਆਰਟੀਏ ਸਕੱਤਰ ਦਰਬਾਰਾ ਸਿੰਘ ਨੇ ਇਥੇ ਵਾਧੂ ਚਾਰਜ ਲਿਆ ਗਿਆ ਸੀ ਪਰ ਲਰਨਿੰਗ ਤੇ ਇੰਟਰਨੈਸ਼ਨਲ ਲਾਇਸੈਂਸਾਂ ਨੂੰ ਹੀ ਮਨਜ਼ੂਰੀ ਦਿੱਤੀ। ਹੁਣ ਸਕੱਤਰ ਦੇ ਆਉਣ ਤੋਂ ਬਾਅਦ ਤੇਜ਼ੀ ਨਾਲ ਪੈਂਡਿੰਗ ਪਈਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ।