ਮਦਨ ਭਾਰਦਵਾਜ, ਜਲੰਧਰ : ਰੋਹਨ ਸਹਿਗਲ ਵੱਲੋਂ ਅਸਤੀਫ਼ੇ ਪਿੱਛੋਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਵੱਲੋਂ ਦਿੱਤੇ ਗਏ ਨੋਟਿਸ ਦਾ ਜਵਾਬ 3 ਦਿਨਾਂ 'ਚ ਨਹੀਂ ਦਿੰਦੇ ਤਾਂ ਉਨ੍ਹਾਂ ਦੀ ਪਾਰਟੀ 'ਚੋਂ ਮੁਅਤਲੀ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇ ਉਹ ਜਵਾਬ ਦੇ ਦਿੰਦੇ ਵੀ ਹਨ ਤਾਂ ਪਾਰਟੀ ਹਾਈ ਕਮਾਨ ਵਿਧਾਇਕਾਂ ਤੇ ਮੇਅਰ 'ਤੇ ਆਧਾਰਤ ਇਕ ਕਮੇਟੀ ਬਣਾਏਗੀ ਜਿਸ 'ਚ ਅਸਤੀਫੇ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ।

ਹਾਈ ਕਮਾਨ 'ਚ ਨਾਰਾਜ਼ਗੀ

ਰੋਹਨ ਸਹਿਗਲ ਵੱਲੋਂ ਅਸਤੀਫਾ ਦੇਣ 'ਤੇ ਪਾਰਟੀ ਹਾਈ ਕਮਾਨ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਲੋਕਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਇਸ ਸਮੇਂ ਪਾਰਟੀ ਨੂੰ ਆਪਣੇ ਉਮੀਦਵਾਰਾਂ ਲਈ ਦਿਨ ਰਾਤ ਇਕ ਕਰਨ ਦੀ ਜ਼ਰੂਰਤ ਸੀ ਪਰ ਉਨ੍ਹਾਂ ਨੇ ਮੇਅਰ ਨਾਲ ਵੀ ਸਲਾਹ ਨਹੀਂ ਕੀਤੀ ਤੇ ਕਾਹਲੀ 'ਚ ਫ਼ੈਸਲਾ ਕਰ ਕੇ ਪਾਰਟੀ ਨੂੰੂ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ।

ਸ਼ਲਾਘਾਯੋਗ ਕਦਮ ਪਰ ਰੱਦ ਕੀਤਾ ਜਾਵੇ ਅਸਤੀਫ਼ਾ

ਇਸ ਦੌਰਾਨ ਨਗਰ ਨਿਗਮ ਦੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਕੌਂਸਲਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਅਸਤੀਫ਼ੇ ਨੂੰ ਸਫਾਈ ਮੁਲਾਜ਼ਮਾਂ ਦੀ ਘਾਟ ਜੱਗ ਜ਼ਾਹਰ ਕਰਨ ਦੇ ਬਰਾਬਰ ਦੱਸਿਆ ਹੈ ਤੇ ਕਿਹਾ ਕਿ ਸਹਿਗਲ ਚੰਗੀ ਭਾਵਨਾ ਨਾਲ ਆਪਣੇ ਵਾਰਡ ਲਈ ਕੰਮ ਕਰਨਾ ਚਾਹੁੰਦੇ ਹਨ ਪਰ ਪ੍ਰਸ਼ਾਸਨ ਸੁਣਵਾਈ ਲਈ ਤਿਆਰ ਨਹੀਂ ਹੋਇਆ। ਅਸਤੀਫ਼ੇ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਨਿਗਮ ਪ੍ਰਸ਼ਾਸਨ ਸਫਾਈ ਸੇਵਕਾਂ ਘਾਟ ਨੂੰ ਦੇਖਦੇ ਹੋਏ ਵੀ ਭਰਤੀ ਨਹੀਂ ਕਰ ਰਿਹਾ ਹੈਤੇ ਮੇਅਰ ਕੋਲ ਭਰਤੀ ਨਹੀਂ ਫੰਡ ਨਹੀਂ ਹੈ ਪਰ 2-2 ਕਰੋੜ ਰੁਪਏ ਸ਼ਹਿਰ ਦੇ ਚੌਕਾਂ ਦੇ ਸੁੰਦਰੀਕਰਨ ਲਈ ਪੈਸੇ ਜ਼ਰੂਰ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਗਲ ਦੇ ਅਸਤੀਫੇ ਨੂੰ ਰੱਦ ਕਰੇ।

ਅਸਤੀਫ਼ਾ ਦੇਣਾ ਕਾਹਲੀ ਦਾ ਫ਼ੈਸਲਾ : ਮੇਅਰ

ਇਸ ਦੌਰਾਨ ਮੇਅਰ ਜਗਦੀਸ਼ ਰਾਜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੋਹਨ ਸਹਿਗਲ ਵੱਲੋਂ ਮੰਗਲਵਾਰ ਨੂੰ ਦਿੱਤਾ ਗਿਆ ਅਸਤੀਫਾ ਅਜੇ ਤਕ ਨਹੀਂ ਮਿਲਿਆ ਤੇ ਉਨ੍ਹਾਂ ਨੇ ਇਸ ਕਦਮ ਕਾਹਲੀ 'ਚ ਲਿਆ ਫ਼ੈਸਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਹੁਣ ਮਾਮਲਾ ਪਾਰਟੀ ਹਾਈ ਕਮਾਨ ਕੋਲ ਪੁੱਜ ਚੁੱਕਾ ਹੈ ਤੇ ਪਾਰਟੀ ਹਾਈ ਕਮਾਂਡ ਜੋ ਦਿਸ਼ਾ-ਨਿਰਦੇਸ਼ ਦੇਵੇਗਾ ਉਸ 'ਤੇ ਅਮਲ ਕੀਤਾ ਜਾਵੇਗਾ।