ਰਾਜ ਕੁਮਾਰ ਨੰਗਲ, ਫਿਲੌਰ : ਨੇੜਲੇ ਪਿੰਡ ਗੜ੍ਹਾ ਵਿਖੇ ਇਕ ਕਾਜਲ ਨਾਂ ਦੀ ਮਹੰਤ ਨੇ ਆਪਣੇ ਹੀ ਚੇਲੇ ਖ਼ਿਲਾਫ਼ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮਹੰਤ ਕਾਜਲ ਨੇ ਦੱਸਿਆ ਕਿ ਉਸ ਦੇ ਘਰ ਵਿਚ ਉਸ ਦਾ ਚੇਲਾ ਭਾਨੂੰ ਉਰਫ ਬਾਹਵਨਾ 12 ਸਾਲਾਂ ਤੋਂ ਨਾਲ ਹੀ ਰਹਿੰਦਾ ਸੀ। ਭਾਨੂੰ ਨੇ ਕੁਝ ਸਮਾਂ ਪਹਿਲਾਂ ਵੀ ਘਰ ਵਿਚੋਂ ਚੋਰੀ ਕੀਤੀ ਸੀ। ਭਾਨੂੰ ਨੂੰ ਥਾਣੇ ਲਿਜਾ ਕੇ ਉਸ 'ਤੇ ਕਾਰਵਾਈ ਕਰਵਾਉਣ ਤੋਂ ਬਾਅਦ ਫ਼ੈਸਲਾ ਹੋ ਗਿਆ ਸੀ। ਮਹੰਤ ਕਾਜਲ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਭਾਨੂੰ, ਵਿਸ਼ਾਲ ਤੇ ਕਿਰਨ ਉਸ ਦੇ ਘਰ ਰਾਤ 9/10 ਵਜੇ ਦੇ ਕਰੀਬ ਆਏ ਤਾਂ ਕਹਿਣ ਲੱਗੇ ਅਸੀਂ ਆਪਣਾ ਸਾਮਾਨ ਤੇ ਕੱਪੜੇ ਲੈਣ ਆਏ ਹਾਂ। ਉਹ ਨਹਾਉਣ ਵਾਸਤੇ ਚਲੀ ਗਈ। ਉਸ ਦਾ ਫਾਇਦਾ ਉਠਾਉਂਦੇ ਹੋਏ ਭਾਨੂੰ ਅਲਮਾਰੀ ਦੇ ਲਾਕਰ ਵਿਚੋਂ 55 ਤੋਲੇ ਸੋਨੇ ਦੇ ਗਹਿਣੇ ਤੇ ਪੰਜ ਲੱਖ ਰੁਪਏ ਨਕਦੀ ਲੈ ਕੇ ਸਾਥੀਆਂ ਨਾਲ ਫ਼ਰਾਰ ਹੋ ਗਿਆ। ਚੋਰੀ ਦੀ ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਨੇ ਕੈਮਰੇ ਬੰਦ ਕਰ ਦਿੱਤੇ। ਏਐੱਸਆਈ ਗੁਰਨਾਮ ਸਿੰਘ ਨੇ ਉਨ੍ਹਾਂ ਦੀ ਦਰਖ਼ਾਸਤ ਲੈ ਲਈ। ਡੀਐੱਸਪੀ ਜਗਦੀਸ਼ ਰਾਜ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।