ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ : ਚੋਰੀ ਕੀਤੇ 4 ਲੱਖ ਰੁਪਏ ਤੇ 32 ਬੋਰ ਦੀ ਲਾਇਸੈਂਸੀ ਪਿਸਤੌਲ ਸਮੇਤ ਰੈਸਟੋਰੈਂਟ ਦੇ ਰਸੌਈਏ ਨੂੰ ਕਰਤਾਰਪੁਰ ਪੁਲਿਸ ਨੇ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਕਾਬੂ ਕਰ ਲਿਆ। ਉਸ ਕੋਲੋਂ ਦੋ ਲੱਖ ਰੁਪਏ ਦੀ ਨਕਦੀ ਅਤੇ 32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਹੈ। ਡੀਐੱਸਪੀ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਜਗਜੀਤ ਨਗਰ ਹਮੀਰਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਨੇ ਇਕ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਉਸ ਨੇ ਆਰਐੱਸ ਫੂਡ ਕਿੰਗ ਰੈਸਟੋਰੈਂਟ ਜੀਟੀ ਰੋਡ ਸਾਹਮਣੇ ਬਿਜਲੀ ਘਰ ਕਾਹਲਵਾਂ ਕਰਤਾਰਪੁਰ ਵਿਖੇ ਖੋਲਿ੍ਹਆ ਹੋਇਆ ਹੈ। ਜਿੱਥੇ ਉਸ ਨੇ ਕਰੀਬ ਇਕ ਮਹੀਨਾ ਪਹਿਲਾਂ ਤਨੂੰ ਸ਼ਰਮਾ ਪੁੱਤਰ ਭੂਸ਼ਣ ਸ਼ਰਮਾ ਵਾਸੀ ਥਾਣਾ ਕਾਣੇਚੱਕ ਜ਼ਿਲ੍ਹਾ ਜੰਮੂ ਉਰਫ਼ ਪੰਡਤ ਜੀ ਨਾਂ ਦਾ ਰਸੌਈਆ ਰੱਖਿਆ ਹੋਇਆ ਸੀ। ਉਹ ਆਪਣੀ ਕਰੇਟਾ ਗੱਡੀ ਵਿਚ ਪੰਡਤ ਨੂੰ ਨਾਲ ਲੈ ਕੇ ਆਪਣੇ ਕਿਸ਼ਨਗੜ੍ਹ ਰੋਡ 'ਤੇ ਨੇੜੇ ਗੁਰਦੁਆਰਾ ਗੰਗਸਰ ਸਾਹਿਬ ਦੇ ਲਾਗੇ ਪ੍ਰਰਾਪਰਟੀ ਡੀਿਲੰਗ ਦੇ ਆਫਿਸ ਵਿਚ ਕਿਸੇ ਕੰਮ ਉਸ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਇਸ ਦੌਰਾਨ ਪੰਡਤ ਕਾਰ ਵਿਚ ਹੀ ਬੈਠਾ ਸੀ ਤੇ ਕਾਰ ਵਿਚ 4 ਲੱਖ ਰੁਪਏ ਦੀ (ਭਾਰਤੀ) ਨਕਦੀ ਅਤੇ ਲਾਇਸੈਂਸੀ ਪਿਸਤੌਲ ਪਈ ਹੋਈ ਸੀ। ਉਹ ਗੱਡੀ ਵਿਚ ਪੰਡਤ ਨੂੰ ਛੱਡ ਕੇ ਆਪਣੇ ਦਫ਼ਤਰ ਕਿਸੇ ਕੰਮ ਚਲਾ ਗਿਆ। ਵੀਹ ਪੱਚੀ ਮਿੰਟ ਬਾਅਦ ਪਰਤਿਆ ਤਾਂ ਪੰਡਤ ਗੱਡੀ ਵਿਚ ਨਾ ਮੌਜੂਦ ਸੀ ਅਤੇ ਨਾ ਨਕਦੀ ਤੇ ਪਿਸਤੌਲ ਸੀ। ਡੀਐੱਸਪੀ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਪਾਰਟੀ ਨੇ ਆਰਐੱਸ ਫੂਡ ਕਿੰਗ ਰੈਸਟੋਰੈਂਟ ਦੇ ਕੁੱਕ ਨੂੰ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਦੋ ਲੱਖ ਰੁਪਏ ਦੀ ਨਕਦੀ ਤੇ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ ਹੈ ਤੇ ਬਾਕੀ ਪੈਸਿਆਂ ਬਾਰੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।