ਪੰਜਾਬੀ ਜਾਗਰਣ ਬਿਊਰੋ/ਜਾ.ਸ.,ਚੰਡੀਗੜ/ ਜਲੰਧਰ :ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣਾਂ ਦੌਰਾਨ ਜਨਤਾ ਨੂੰ ਕਈ ਗਰੰਟੀਆਂ ਦਿੱਤੀਆਂ ਸਨ। ਇਨ੍ਹਾਂ ਗਰੰਟੀਆਂ ਵਿਚੋਂ ਇਕ ਹੋਰ ਗਰੰਟੀ ਪੂਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਪਹਿਰ 2 ਵਜੇ ਲਾਈਵ ਹੋ ਕੇ ਐਲਾਨ ਕੀਤਾ ਕਿ 15 ਜੂਨ ਤੋਂ ਦਿੱਲੀ ਏਅਰਪੋਰਟ ਲਈ 19 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ।
ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ..
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ https://t.co/Ir689BrjR6
— Bhagwant Mann (@BhagwantMann) June 10, 2022
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਜਲਦ ਹੀ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਸਿੱਧੀ ਯਾਤਰਾ ਕਰਨ ਲਈ ਰਾਹਤ ਦੇਣ ਜਾ ਰਹੀ ਹੈ। 15 ਜੂਨ ਤੋਂ, ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਰੋਜ਼ਾਨਾ 19 ਵੋਲਵੋ ਬੱਸਾਂ ਹਵਾਈ ਅੱਡੇ ਲਈ ਚਲਾਉਣਗੀਆਂ। ਇਸ ਤਹਿਤ ਜਲੰਧਰ ਤੋਂ ਰੋਜ਼ਾਨਾ ਛੇ ਬੱਸਾਂ, ਚੰਡੀਗੜ੍ਹ ਤੋਂ ਚਾਰ, ਅੰਮ੍ਰਿਤਸਰ ਤੋਂ ਤਿੰਨ, ਪਟਿਆਲਾ ਤੋਂ ਦੋ ਅਤੇ ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਇਕ-ਇਕ ਬੱਸ ਹਵਾਈ ਅੱਡੇ ਲਈ ਜਾਵੇਗੀ।
ਜਲੰਧਰ ਤੋਂ ਹਵਾਈ ਅੱਡੇ ਤੱਕ ਪ੍ਰਤੀ ਯਾਤਰੀ 1170 ਰੁਪਏ ਲਏ ਜਾਣਗੇ ਅਤੇ ਇਹ ਬੱਸਾਂ ਅੱਠ ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਨਿੱਜੀ ਆਪਰੇਟਰਾਂ ਵੱਲੋਂ ਹਵਾਈ ਅੱਡੇ ਤੱਕ 2500 ਰੁਪਏ ਪ੍ਰਤੀ ਯਾਤਰੀ ਵਸੂਲੇ ਜਾਂਦੇ ਹਨ ਅਤੇ ਬੱਸਾਂ 10 ਤੋਂ 12 ਘੰਟਿਆਂ ਵਿੱਚ ਹਵਾਈ ਅੱਡੇ ’ਤੇ ਪਹੁੰਚ ਜਾਂਦੀਆਂ ਹਨ।
ਮਾਨ ਅਤੇ ਕੇਜਰੀਵਾਲ ਕਰਨਗੇ ਏਅਰਪੋਰਟ ਲਈ ਵੋਲਵੋ ਰਵਾਨਾ
ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜੂਨ ਨੂੰ ਬਾਅਦ ਦੁਪਹਿਰ 1:15 ਵਜੇ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਦਿੱਲੀ ਏਅਰਪੋਰਟ ਲਈ ਪਹਿਲੀ ਵੋਲਵੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।
ਕਿੱਥੇ ਤੋਂ ਕਿਸ ਸਮੇਂ ਚੱਲੇਗੀ ਬੱਸ
ਅੰਮ੍ਰਿਤਸਰ: ਪਹਿਲੀ ਬੱਸ ਸਵੇਰੇ 9 ਵਜੇ, ਦੂਜੀ ਬੱਸ 12 ਵਜੇ, ਤੀਜੀ ਬੱਸ 1.40 ਵਜੇ ਰਵਾਨਾ ਹੋਵੇਗੀ। ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.20 ਵਜੇ, ਦੁਪਹਿਰ 12 ਵਜੇ ਵਾਲੀ 9.50 ਵਜੇ ਅਤੇ ਦੁਪਹਿਰ 1.40 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 12.30 ਵਜੇ ਦਿੱਲੀ ਪਹੁੰਚੇਗੀ।
ਪਠਾਨਕੋਟ: ਦੁਪਹਿਰ 1.40 ਵਜੇ ਰਵਾਨਾ ਹੋਈ ਬੱਸ ਰਾਤ 2.30 ਵਜੇ ਏਅਰਪੋਰਟ ਪਹੁੰਚੇਗੀ।
ਜਲੰਧਰ : ਸਵੇਰੇ 11 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.30 ਵਜੇ, ਦੁਪਹਿਰ 1.15 ਵਜੇ ਚੱਲਣ ਵਾਲੀ ਬੱਸ ਰਾਤ 9 ਵਜੇ, ਦੁਪਹਿਰ 3.30 ਵਜੇ ਰਵਾਨਾ ਹੋਣ ਵਾਲੀ ਬੱਸ 11.30 ਵਜੇ, ਪੀ.ਆਰ.ਟੀ.ਸੀ ਦੀ ਬੱਸ ਸਵੇਰੇ 7 ਵਜੇ ਰਵਾਨਾ ਹੋਣ ਵਾਲੀ ਤੜਕ ਸਵੇਰ 3.00 ਵਜੇ ਅਤੇ ਸ਼ਾਮ 8.30 ਵਜੇ ਰਵਾਨਾ ਹੋਣ ਵਾਲੀ ਸਵੇਰੇ 6.30 ਵਜੇ ਏਅਰਪੋਰਟ ਪਹੁੰਚੇਗੀ।
ਲੁਧਿਆਣਾ: ਸਵੇਰੇ 7.40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 5 ਵਜੇ ਏਅਰਪੋਰਟ ਪਹੁੰਚੇਗੀ ਅਤੇ ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6 ਵਜੇ ਏਅਰਪੋਰਟ ਪਹੁੰਚੇਗੀ।
ਚੰਡੀਗੜ੍ਹ : ਦੁਪਹਿਰ 1.40 'ਤੇ ਰਵਾਨਾ ਹੋਣ ਵਾਲੀ ਬੱਸ ਰਾਤ 9.00 ਵਜੇ,ਸ਼ਾਮ 5.50 'ਤੇ ਰਵਾਨਾ ਹੋਣ ਵਾਲੀ ਬੱਸ ਰਾਤ 12.20 'ਤੇ, ਸਵੇਰੇ 7.40 'ਤੇ ਰਵਾਨਾ ਹੋਣ ਵਾਲੀ ਬੱਸ ਦੁਪਹਿਰ 2.15 'ਤੇ ਅਤੇ ਸ਼ਾਮ 4.35 'ਤੇ ਰਵਾਨਾ ਹੋਣ ਵਾਲੀ ਬੱਸ 10:45 'ਤੇ ਏਅਰਪੋਰਟ ਪਹੁੰਚੇਗੀ।
ਹੁਸ਼ਿਆਰਪੁਰ : ਸਵੇਰੇ 6.40 ਵਜੇ ਰਵਾਨਾ ਹੋਣ ਵਾਲੀ ਵੋਲਵੋ ਸ਼ਾਮ 4.30 ਵਜੇ, ਕਪੂਰਥਲਾ ਤੋਂ ਸਵੇਰੇ 10.45 ਵਜੇ ਅਤੇ ਰਾਤ 10 ਵਜੇ ਪਹੁੰਚੇਗੀ।
ਪਟਿਆਲਾ : ਦੁਪਹਿਰ 12.40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6.40 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ ਅਤੇ ਸ਼ਾਮ 4 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 10 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।
ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕ ਸਵੇਰ 4 ਵਜੇ, ਸਵੇਰੇ 4.30 ਵਜੇ, ਸਵੇਰੇ 5 ਵਜੇ, ਸਵੇਰੇ 6 ਵਜੇ, ਸਵੇਰੇ 7.20 ਵਜੇ, ਸਵੇਰੇ 8 ਵਜੇ, ਦੁਪਹਿਰ 1.15 ਵਜੇ,ਬਾਅਦ ਦੁਪਹਿਰ 2:45 ਵਜੇ, ਸ਼ਾਮ 8.50 ਵਜੇ, ਰਾਤ 10 ਵਜੇ, ਰਾਤ 10.40 ਵਜੇ ਰਾਤ 11.10 ਵਜੇ, ਰਾਤ 11.40 ਵਜੇ, ਰਾਤ 1 ਵਜੇ, ਰਾਤ 1.15 ਵਜੇ, ਤੜਕ ਸਵੇਰ 2 ਵਜੇ, ਤੜਕ ਸਵੇਰ 2.40 ਵਜੇ ਵੋਲਵੋ ਉਪਵਬਧ ਹੋਵੇਗੀ।
Posted By: Tejinder Thind