ਜੇਐੱਨਐੱਨ, ਜਲੰਧਰ : ਅਰਬਨ ਅਸਟੇਟ ਫੇਜ਼-2 'ਚ ਵੀਰਵਾਰ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਪੇਡ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਦੇ ਬਰੇਕ ਲਾ ਕੇ ਕਾਰ ਰੋਕਣ ਤਕ ਮੋਪੇਡ ਉਸ ਦੇ ਨਾਲ ਘੜੀਸਦੀ ਹੋਈ 150 ਮੀਟਰ ਤਕ ਚਲੀ ਗਈ, ਜਿਸ ਕਾਰਨ ਮੋਪੇਡ ਦੇ ਪਿੱਛੇ ਬੈਠੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਨੂੰ ਚਲਾਉਣ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪੁੱਜੀ ਪਰ ਇਸ ਦੌਰਾਨ ਡਰਾਈਵਰ ਫ਼ਰਾਰ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਿੰਡ ਸਾਬੋਵਾਲ 'ਚ ਜੀਵਨ ਸਿੰਘ ਗੁਰਦੁਆਰਾ ਨੇੜੇ ਰਹਿਣ ਵਾਲਾ ਕਪੂਰ ਸਿੰਘ (50) ਪਿੰਡ ਦੇ ਹੀ ਸਤਪਾਲ ਉਰਫ ਸੱਤਾ ਨਾਲ ਲੇਬਰ ਦਾ ਕੰਮ ਕਰਨ ਲਈ ਸਵੇਰੇ ਲਗਪਗ 9 ਵਜੇ ਮੋਪੇਡ 'ਤੇ ਗੜ੍ਹਾ ਵੱਲ ਜਾ ਰਹੇ ਸੀ। ਪਿੰਡ ਦੀ ਲਿੰਕ ਰੋਡ ਤੋਂ ਨਿਕਲ ਕੇ ਜਿਵੇਂ ਹੀ ਉਹ ਅਰਬਨ ਅਸਟੇਟ ਫੇਜ਼-2 66 ਫੁੱਟੀ ਰੋਡ 'ਤੇ ਚੜ੍ਹ ਕੇ ਗੜ੍ਹਾ ਵੱਲ ਮੁੜਣ ਲੱਗੇ ਤਾਂ ਬੀਐੱਮਸੀ ਚੌਕ ਵੱਲੋਂ ਅਰਬਨ ਅਸਟੇਟ ਵੱਲ ਜਾ ਰਹੀ ਓਵਰਸਪੀਡ ਕਾਰ ਪੀਬੀ 01ਏ 9910 ਨੇ ਮੋਪੇਡ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡਰਾਈਵਰ ਉਸ ਨੂੰ ਕਾਬੂ ਨਹੀਂ ਕਰ ਸਕਿਆ। ਇਸ ਹਾਦਸੇ 'ਚ ਸਤਪਾਲ ਤਾਂ ਝਟਕੇ ਨਾਲ ਦੂਰ ਜਾ ਡਿੱਗਾ ਪਰ ਕਪੂਰ ਸਿੰਘ ਕਾਰ ਤੇ ਮੋਪੇਡ ਵਿਚਾਲੇ ਫੱਸ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਉਧਰ, ਸਤਪਾਲ ਦਾ ਪੈਰ ਟੁੱਟ ਗਿਆ ਤੇ ਗੱਡੀ ਦਾ ਕੱਚ ਲੱਗਣ ਕਾਰਨ ਸਿਰ ਵੀ ਫੱਟ ਗਿਆ। ਉਸ ਨੂੰ ਗੰਭੀਰ ਹਾਲਤ 'ਚ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ-7 ਦੇ ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਾਰ ਡਰਾਈਵਰ ਲਖਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਭੀਲਾ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਹਾਲੇ ਉਸ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।

-- 100 ਤੋਂ ਵੱਧ ਸੀ ਰਫ਼ਤਾਰ

ਇਸ ਹਾਦਸੇ ਦੇ ਚਸ਼ਮਦੀਦਾਂ ਮੁਤਾਬਕ ਅਰਬਨ ਅਸਟੇਟ ਫੇਜ਼-2 ਦੀ ਇਸ ਸੜਕ 'ਤੇ ਭਾਰੀ ਟ੫ੈਫਿਕ ਰਹਿੰਦਾ ਹੈ। ਉਧਰ, ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਕਈ ਲਿੰਕ ਸੜਕਾਂ ਵੀ ਇਸ ਨਾਲ ਜੁੜਦੀਆਂ ਹਨ। ਸਵੇਰੇ ਕੰਮ 'ਤੇ ਜਾਣ ਦਾ ਸਮਾਂ ਹੋਣ ਕਾਰਨ ਲਿੰਕ ਸੜਕਾਂ ਤੋਂ ਇਸ ਸੜਕ 'ਤੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਦੇ ਬਾਵਜੂਦ ਕਾਰ ਬਹੁਤ ਤੇਜ਼ ਰਫ਼ਤਾਰ 'ਚ ਸੀ। ਉਕਤ ਕਾਰ ਕਮਰਸ਼ੀਅਲ ਪਰਮਿਟ ਵਾਲੀ ਸੀ, ਜਿਸ ਨੂੰ ਡਰਾਈਵਰ ਬਹੁਤ ਤੇਜ਼ ਚਲਾ ਰਿਹਾ ਸੀ।

-- ਨਹੀਂ ਪਹਿਨਿਆ ਸੀ ਹੈਲਮਟ

ਥਾਣਾ-7 ਦੇ ਮੁਲਾਜ਼ਮਾਂ ਮੁਤਾਬਕ ਉਨ੍ਹਾਂ ਹਾਦਸੇ ਵਾਲੀ ਥਾਂ ਦੀ ਜਾਂਚ ਕੀਤੀ, ਜਿਸ 'ਚ ਸਾਫ਼ ਹੋਇਆ ਕਿ ਦੋਵੇਂ ਮੋਪੇਡ ਸਵਾਰਾਂ ਨੇ ਹੈਲਮਟ ਨਹੀਂ ਪਹਿਨਿਆ ਸੀ। ਹਾਲਾਂਕਿ ਕਪੂਰ ਸਿੰਘ ਦੀਆਂ ਹਾਦਸੇ 'ਚ ਹੱਡੀਆਂ ਤਕ ਬਾਹਰ ਨਿਕਲ ਆਈਆਂ ਸੀ। ਉਧਰ, ਸਤਪਾਲ ਦਾ ਪੈਰ ਟੁੱਟਣ ਦੇ ਨਾਲ-ਨਾਲ ਸਿਰ 'ਤੇ ਵੀ ਗੰਭੀਰ ਸੱਟ ਵੱਜੀ ਹੈ।

-- 13 ਦਿਨ ਪਹਿਲਾਂ ਪੁਲਿਸ ਗੱਡੀ ਨਾਲ ਵੀ ਹੋ ਚੁੱਕਾ ਹਾਦਸਾ

ਸੜਕ ਹਾਦਸੇ ਦੇ ਲਿਹਾਜ ਨਾਲ ਅਰਬਨ ਅਸਟੇਟ ਫੇਜ਼-2 ਦੀ ਇਹ ਸੜਕ ਬਹੁਤ ਖਤਰਨਾਕ ਸਾਬਤ ਹੋ ਰਹੀ ਹੈ। ਇਸ 'ਤੇ 13 ਦਿਨ ਪਹਿਲਾਂ ਪੁਲਿਸ ਦੀ ਐੱਸਓਜੀ ਟੀਮ ਦੀ ਬੱਸ ਨੇ ਇਸੇ ਜਗ੍ਹਾ ਨੇੜੇ ਇਕ ਕਾਰ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ 'ਚ ਸਵਾਰ ਕਾਰੋਬਾਰੀ ਦਾ ਵਾਲ-ਵਾਲ ਬਚਾਅ ਹੋਇਆ ਸੀ।

-- ਇੰਜ ਰੱਖੋ ਬਚਾਅ

- ਟ੫ੈਫਿਕ ਨਿਯਮਾਂ ਮੁਤਾਬਕ ਜੇਕਰ ਤੁਸੀ ਬਿਨਾਂ ਟ੫ੈਫਿਕ ਲਾਈਟ ਵਾਲੇ ਕਰਾਸਿੰਗ 'ਤੇ ਹੋ ਤਾਂ ਆਪਣੇ ਸੱਜੇ-ਖੱਬੇ ਆਉਂਦੀ ਗੱਡੀ ਨੂੰ ਪਹਿਲਾਂ ਰਸਤਾ ਦਿਓ। ਜੇਕਰ ਤੁਸੀਂ ਸੱਜੇ ਪਾਸੇ ਮੁੜ ਰਹੇ ਹੋ ਤਾਂ ਸਿੱਧੇ ਜਾ ਰਹੀ ਗੱਡੀ ਨੂੰ ਪਹਿਲਾਂ ਰਾਹ ਦਿਓ। ਇਸ ਦੇ ਇਲਾਵਾ ਕਿਸੇ ਵੀ ਲਿੰਕ ਸੜਕ ਤੋਂ ਮੇਨ ਸੜਕ 'ਤੇ ਆਉਂਦੇ ਸਮੇਂ ਇਹ ਜ਼ਰੂਰ ਵੇਖੋ ਕਿ ਮੇਨ ਰੋਡ 'ਤੇ ਕੋਈ ਗੱਡੀ ਤਾਂ ਨਹੀਂ ਆ ਰਹੀ। ਕਿਉਂਕਿ ਟ੫ੈਫਿਕ ਨਿਯਮਾਂ ਮੁਤਾਬਕ ਅਜਿਹੀਆਂ ਸੜਕਾਂ 'ਤੇ ਪਹਿਲਾਂ ਉਸ ਸੜਕ 'ਤੇ ਆ ਰਹੀ ਗੱਡੀ ਨੂੰ ਰਸਤਾ ਦਿੱਤਾ ਜਾਣਾ ਚਾਹੀਦਾ ਹੈ ਤੇ ਫਿਰ ਲਿੰਕ ਸੜਕ ਤੋਂ ਮੇਨ ਰੋਡ 'ਤੇ ਦਾਖ਼ਲ ਹੋਣਾ ਚਾਹੀਦਾ ਹੈ।