ਰਾਕੇਸ਼ ਗਾਂਧੀ ਜਲੰਧਰ : ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਵੱਲੋਂ ਆ ਰਹੀ ਸਵਿਫਟ ਕਾਰ ਨੇ ਕਾਰ, ਆਟੋ ਤੇ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਐਕਟਿਵਾ 'ਤੇ ਜਾ ਰਹੀ ਲੜਕੀ ਨੂੰ ਵੀ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਨੇ ਆਪਣੀ ਗੱਡੀ ਵਿਚ ਹਸਪਤਾਲ ਤਕ ਪਹੁੰਚਾਇਆ। ਪੁਲਿਸ ਕੰਟਰੋਲ ਰੂਮ ਵਿਚ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕਿਸੇ ਨੇ ਫੋਨ ਨਹੀਂ ਚੁੱਕਿਆ ਅਤੇ ਜਦ ਫੋਨ ਚੁੱਕਿਆ ਵੀ ਤਾਂ ਮੋਹਾਲੀ ਤੋਂ ਅਪਰੇਟਰ ਨੇ ਜਿਸ ਨੂੰ ਜਲੰਧਰ ਬਾਰੇ ਕੁਝ ਵੀ ਪਤਾ ਨਹੀਂ ਸੀ।

ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਨਕੋਦਰ ਚੌਕ ਕੋਲੋਂ ਲੰਘ ਰਹੇ ਸਨ ਕਿ ਸਵਿਫਟ ਗੱਡੀ ਨੰਬਰ ਪੀਬੀ30 ਆਰ4546 ਜਿਹੜੀ ਕਿ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਨੇ ਪਹਿਲਾਂ ਟਰੱਕ ਨੂੰ ਸਾਈਡ ਮਾਰੀ। ਉਸ ਤੋਂ ਬਾਅਦ ਆਟੋ ਤੇ ਫਿਰ ਇੱਕ ਗੱਡੀ ਨੂੰ ਸਾਈਡ ਮਾਰਨ ਤੋਂ ਐਕਟਿਵਾ 'ਤੇ ਜਾ ਰਹੀ ਲੜਕੀ ਪਲਵੀ ਵਾਸੀ ਦਿਲਬਾਗ ਨਗਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸਵਿਫਟ ਗੱਡੀ ਦਾ ਬੰਪਰ ਵੀ ਹੇਠਾਂ ਲਟਕ ਗਿਆ। ਜਦ ਉਨ੍ਹਾਂ ਨੇ ਪੁਲਿਸ ਕੰਟਰੋਲ ਰੂਮ ਦੇ ਨੰਬਰ 100 ਤੇ 112 'ਤੇ ਕਾਲ ਕੀਤੀ ਤਾਂ ਪਹਿਲਾਂ ਤਾਂ ਪੰਜ-ਛੇ ਵਾਰ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ। ਜਦ ਕਿਸੇ ਨੇ ਫੋਨ ਚੁੱਕਿਆ ਤਾਂ ਉਹ ਮੋਹਾਲੀ ਤੋਂ ਬੋਲ ਰਿਹਾ ਸੀ, ਕਿਉਂਕਿ ਅੱਜ-ਕੱਲ੍ਹ ਪੁਲਿਸ ਕੰਟਰੋਲ ਰੂਮ ਦੀਆਂ ਕਾਲਾਂ ਮੁਹਾਲੀ ਤੋਂ ਹੀ ਅਪਰੇਟ ਹੁੰਦੀਆਂ ਹਨ। ਮੋਹਾਲੀ ਬੈਠਾ ਅਪਰੇਟਰ ਜਲੰਧਰ ਦੇ ਕਿਸੇ ਵੀ ਥਾਂ ਤੋਂ ਜਾਣੂ ਨਹੀਂ ਸੀ। ਵਾਰ-ਵਾਰ ਸਮਝਾਉਣ 'ਤੇ ਵੀ ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਸੀ। ਰਮੇਸ਼ ਸ਼ਰਮਾ ਨੇ ਮੰਗ ਕੀਤੀ ਹੈ ਕਿ ਪੁਲਿਸ ਕੰਟਰੋਲ ਰੂਮ ਦੇ ਦੋਵੇਂ ਨੰਬਰਾਂ ਨੂੰ ਜਲੰਧਰ ਤੋਂ ਹੀ ਅਪਰੇਟ ਕੀਤਾ ਜਾਵੇ, ਤਾਂ ਕਿ ਮੁਸ਼ਕਿਲ ਵੇਲੇ ਜਲਦ ਤੋਂ ਜਲਦ ਪੁਲਿਸ ਮੌਕੇ 'ਤੇ ਪੁੱਜ ਸਕੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪਲਵੀ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ। ਮੌਕੇ 'ਤੇ ਥਾਣਾ ਨੰਬਰ ਚਾਰ ਦੀ ਪੁਲਿਸ ਨੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।