ਸੀਨੀਅਰ ਸਟਾਫ਼ ਰਿਪੋਰਟਰ, ਜਲੰਧਰ : ਮੁੱਖ ਇੰਜੀਨੀਅਰ ਨਹਿਰਾਂ, ਜਲ ਸਰੋਤ ਵਿਭਾਗ ਵੱਲੋਂ ਖ਼ਰੀਫ ਸਮੇਂ ਵਿਚ 11 ਤੋਂ 18 ਅਕਤੂਬਰ ਤਕ ਨਹਿਰਾਂ ਰਾਹੀਂ ਪੰਜਾਬ ਵਿਚ ਪਾਣੀ ਦੇਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਰੋਪੜ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬ੍ਰਾਂਚਾਂ ਜਿਨ੍ਹਾਂ ਵਿਚ ਸਰਹੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਸਿਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੁਆਬ ਕੈਨਾਲ, ਪਟਿਆਲਾ ਫੀਡਰ ਅਤੇ ਅਬੋਹਰ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ 'ਤੇ ਚੱਲਣਗੀਆਂ।

ਇਸੇ ਤਰ੍ਹਾਂ ਭਾਖੜਾ ਮੇਨ ਲਾਈਨ ਦੀਆਂ ਨਹਿਰਾਂ ਅਤੇ ਬ੍ਰਾਂਚਾਂ, ਜਿਨ੍ਹਾਂ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ ਜੋ ਕਿ ਗਰੁੱਪ 'ਏ' ਵਿੱਚ ਹਨ ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ। ਘੱਗਰ ਲਿੰਕ ਅਤੇ ਇਸ ਵਿਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਜੋ ਕਿ ਗਰੁੱਪ 'ਬੀ' ਵਿੱਚ ਹਨ ਨੂੰ ਦੂਜੀ ਤਰਜੀਹ ਦੇ ਆਧਾਰ 'ਤੇ ਬਾਕੀ ਬਚਦਾ ਪਾਣੀ ਮਿਲੇਗਾ।

ਦੱਸਿਆ ਕਿ ਇਸੇ ਤਰ੍ਹਾਂ ਹਰੀਕੇ ਅਤੇ ਫਿਰੋਜ਼ਪੁਰ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬ੍ਰਾਂਚਾਂ ਜਿਨ੍ਹਾਂ ਵਿਚ ਸਰਹੰਦ ਫੀਡਰ ਵਿਚੋਂ ਨਿਕਲਦੇ ਸਾਰੇ ਰਜਬਾਹੇ ਜਿਹੜੇ ਕਿ ਗਰੁੱਪ 'ਏ' ਵਿਚ ਹਨ ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ। ਸਰਹਿੰਦ ਫੀਡਰ ਵਿਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਜਿਹੜੇ ਕਿ ਗਰੁੱਪ 'ਬੀ' ਵਿਚ ਹਨ ਨੂੰ ਦੂਜੀ ਤਰਜੀਹ ਦੇ ਅਧਾਰ 'ਤੇ ਬਾਕੀ ਬਚਦਾ ਪਾਣੀ ਮਿਲੇਗਾ। ਇਸ ਤੋਂ ਇਲਾਵਾ ਅੱਪਰਬਾਰੀ ਦੁਆਬ ਕੈਨਾਲ ਦੀ ਲਾਹੌਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ। ਮੇਨ ਬ੍ਰਾਂਚ ਲੋਅਰ, ਕਸੂਰ ਬ੍ਰਾਂਚ ਲੋਅਰ ਅਤੇ ਸਭਰਾਉ ਬ੍ਰਾਂਚ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।