ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮਾਹਿਲਪੁਰ 'ਚ ਤਹਿਸੀਲਦਾਰ ਸੰਦੀਪ ਕੁਮਾਰ ਨੂੰ ਵਿਜੀਲੈਂਸ ਵੱਲੋਂ ਭਿ੍ਸ਼ਟਾਚਾਰ ਦੇ ਦੋਸ਼ 'ਚ ਫੜਨ ਵਿਰੁੱਧ ਮਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਰੋਸ ਵਜੋਂ ਸਮੂਹਿਕ ਛੁੱਟੀ 'ਤੇ ਗਏ ਮਾਲ ਅਧਿਕਾਰੀਆਂ, ਪਟਵਾਰੀਆਂ ਤੇ ਦਫਤਰੀ ਮੁਲਾਜ਼ਮਾਂ ਦਾ ਮੁਜ਼ਾਹਰਾ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਤਹਿਸੀਲ ਕੰਪਲੈਕਸ ਵਿਰਾਨ ਰਿਹਾ। ਸਬ-ਰਜਿਸਟਰਾਰ 1 ਤੇ 2 ਦੇ ਦਫਤਰਾਂ 'ਚ ਨਾ ਤਾਂ ਸਟਾਫ ਪੁੱਜਾ ਤੇ ਨਾ ਹੀ ਸਬ-ਰਜਿਸਟਰ ਹੀ ਦਫਤਰ ਆਏ। ਇਸ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ, ਪਟਵਾਰ ਯੂਨੀਅਨ, ਡੀਸੀ ਦਫਤਰ ਇੰਪਲਾਈਜ਼ ਐਸੋਸੀਏਸ਼ਨ ਅਤੇ ਜੁਆਇੰਟ ਐਕਸ਼ਨ ਵੱਲੋਂ ਮਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਕਾਰਨ ਲਗਾਤਾਰ ਤੀਜੇ ਦਿਨ ਜ਼ਿਆਦਾਤਰ ਸਰਕਾਰੀ ਕੰਮ ਬੰਦ ਰਹੇ। ਲੰਘੇ ਸੋਮਵਾਰ ਨੂੰ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਮਾਹਿਲਪੁਰ ਦੀ ਤਹਿਸੀਲ 'ਚ ਛਾਪੇਮਾਰੀ ਕੀਤੀ ਸੀ ਤੇ ਤਹਿਸੀਲਦਾਰ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀ ਅਧਿਕਾਰੀਆਂ ਦੀ ਜਾਂਚ ਕੀਤੀ ਸੀ। ਇਸ ਤੋਂ ਬਾਅਦ ਰੈਵੇਨਿਊ ਅਧਿਕਾਰੀ ਤੇ ਮੁਲਾਜ਼ਮ ਹੜਤਾਲ 'ਤੇ ਚੱਲ ਰਹੇ ਹਨ। ਇਸੇ ਦੌਰਾਨ ਸਬ-ਰਜਿਸਟਰਾਰ-1 ਤੇ ਸਬ-ਰਜਿਸਟਰਾਰ-2 ਵੱਲੋਂ ਮੰਗਲਵਾਰ ਤੋਂ ਹੀ ਰਜਿਸਟਰੀਆਂ ਕਰਨ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਤਹਿਸੀਲ 'ਚ ਰਜਿਸਟਰੀ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

---------------

ਡਿਊਟੀਆਂ ਦਾ ਕਰਨਗੇ ਬਾਈਕਾਟ

ਤਹਿਸੀਲਦਾਰ 'ਤੇ ਵਿਜੀਲੈਂਸ ਕਾਰਵਾਈ ਦੇ ਵਿਰੋਧ 'ਚ ਦਿ ਪੰਜਾਬ ਸਟੇਟ ਡਿਸਟਿ੍ਕਟ (ਡੀਸੀ) ਆਫਿਸ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਵਰਮਾ ਤੇ ਚੇਅਰਮੈਨ ਤਜਿੰਦਰ ਸਿੰਘ ਨੇ ਕਿਹਾ ਕਿ ਵਿਜੀਲੈਂਸ ਦੀ ਕਾਰਵਾਈ ਦੇ ਵਿਰੋਧ 'ਚ 27 ਨਵੰਬਰ ਤਕ ਸਾਰੀਆਂ ਸਰਕਾਰੀ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਦੇ ਉਲਟ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂਕਿ ਰੈਵੇਨਿਊ ਵਿਭਾਗ ਵੱਲੋਂ ਜਾਂਚ ਤੋਂ ਬਿਨਾਂ ਕਿਸੇ ਅਧਿਕਾਰੀ ਜਾਂ ਫਿਰ ਮੁਲਾਜ਼ਮ 'ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। 27 ਨਵੰਬਰ ਨੂੰ ਸੂਬਾ ਪੱਧਰੀ ਯੂਨੀਅਨ ਦੇ ਨਾਲ ਆਨਲਾਈਨ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।