ਮਨਜੀਤ ਮੱਕੜ, ਗੁਰਾਇਆ : ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਾਲਜ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਦੱਸਦਿਆਂ ਉਨ੍ਹਾਂ ਨੂੰ ਦੇਸ਼ ਭਗਤੀ ਦੀ ਭਾਵਨਾ ਬਾਰੇ ਜਾਗਰੂਕ ਕੀਤਾ। ਕਾਲਜ ਕੈਂਪਸ ਨੂੰ ਰਾਸ਼ਟਰੀ ਝੰਡਿਆਂ ਨਾਲ ਸਜਾਇਆ ਗਿਆ।ਪ੍ਰਰੋਗਰਾਮ ਦਾ ਸ਼ੁਭ ਆਰੰਭ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤਾ ਗਿਆ। ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਰੀਸ਼ ਗੁਪਤਾ, ਪ੍ਰਧਾਨ ਨਰੇਸ਼ ਗੁਪਤਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਕੰਗ, ਡਾਇਰੈਕਟਰ ਡਾ. ਸ਼ੈਲੀ ਰੇਖੀ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਬੀਬੀਏ ਤੇ ਬੀਕਾਮ ਦੇ ਵਿਦਿਆਰਥੀਆਂ ਨੇ ਬੈਂਡ ਦੀ ਧੁਨ 'ਤੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਸਵਾਮੀ ਵਿਵੇਕਾਨੰਦ, ਡਾ. ਭੀਮ ਰਾਓ ਅੰਬੇਦਕਰ ਦੀਆਂ ਝਾਕੀਆਂ ਕੱਢੀਆਂ। ਬੀਸੀਏ, ਬੀਟੀਟੀਐੱਮ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੇ ਸਕਿੱਟ ਪੇਸ਼ ਕੀਤੀ। ਹੋਟਲ ਮੈਨੇਜਮੈਂਟ ਤੇ ਬੀਐੱਮਐੱਲਐੱਸ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਕਾਲਜ ਡਾਇਰੈਕਟਰ ਡਾ. ਸ਼ੈਲੀ ਰੇਖੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਹਰ ਭਾਰਤੀ ਨੂੰ ਆਪਣੇ ਦੇਸ਼ ਵਿਚ ਸ਼ਾਂਤੀ ਸਥਾਪਤ ਕਰਨ ਤੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੁਨੇਹਾ ਦਿੰਦਾ ਹੈ।