ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 26 ਜਨਵਰੀ ਨੂੰ ਹੋਣ ਵਾਲੇ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਝੰਡੇ ਦੀ ਰਸਮ ਨਿਭਾਉਣਗੇ। ਇਸ ਕਰਕੇ ਉਹ ਬੁੱਧਵਾਰ ਨੂੰ ਸ਼ਹਿਰ 'ਚ ਪੁੱਜ ਚੁੱਕੇ ਹਨ। ਸਟੇਡੀਅਮ ਦੇ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧ ਪੂਰੇ ਕਰ ਲਏ ਗਏ ਹਨ। ਸਟੇਡੀਅਮ ਨੂੰ ਜਾਂਦੇ ਸਾਰੇ ਰਸਤਿਆਂ ਤੋਂ ਲੰਘਣ ਦੌਰਾਨ ਚੈਕਿੰਗ ਤੋਂ ਲੈ ਕੇ ਵਾਹਨਾਂ ਦੇ ਪ੍ਰਵੇਸ਼ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਇਸ ਵਾਰ ਜ਼ਿਲ੍ਹੇ 'ਚ ਹੋਣ ਵਾਲੇ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਮੰਗਲਵਾਰ ਨੂੰ ਸਟੇਡੀਅਮ 'ਚ ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਝੰਡਾ ਲਹਿਰਾਇਆ ਸੀ। ਉਥੇ ਹੀ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਫੁੱਲ ਡਰੈੱਸ 'ਚ ਆਪਣੀਆਂ ਯੋਗਤਾਵਾਂ ਦਾ ਪ੍ਰਮਾਣ ਦਿੱਤਾ ਸੀ। ਪਾਣੀ, ਟਾਇਲਟ, ਸਫਾਈ ਤੇ ਟ੍ਰੈਫਿਕ ਦਾ ਪ੍ਰਬੰਧ ਯਕੀਨੀ ਕਰਨ ਲਈ ਵੱਖ-ਵੱਖ ਵਿਭਾਗਾਂ ਤੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕੀਤਾ ਜਾਂਦਾ ਰਿਹਾ ਹੈ। ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਕਿਹਾ ਕਿ ਸਮਾਗਮ ਭਾਵੇਂ ਹੀ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ ਪਰ ਵੱਖ-ਵੱਖ ਵਿਭਾਗਾਂ ਤੇ ਪ੍ਰਤੀਨਿਧੀਆਂ ਨੂੰ ਸਟੇਡੀਅਮ 'ਚ ਸਵੇਰੇ 8 ਵਜੇ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ।

---

–ਸਰਕਾਰੀ ਵਿਭਾਗਾਂ ਦੀਆਂ ਝਾਕੀਆਂ ਹੋਣਗੀਆਂ ਖਿੱਚ ਦਾ ਕੇਂਦਰ

ਗਣਤੰਤਰ ਦਿਵਸ ਸਮਾਗਮ ਦੌਰਾਨ ਇਸ ਵਾਰ ਵੱਖ-ਵੱਖ ਵਿਭਾਗਾਂ ਵੱਲੋਂ ਕਈ ਦਿਲਖਿਚਵੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਗਣਤੰਤਰ ਦਿਵਸ ਸਮਾਗਮ ਦੌਰਾਨ ਸਟੇਡੀਅਮ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਖਾਸ ਕਰ ਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਜਿਸ 'ਚ ਆਮ ਆਦਮੀ ਕਲੀਨਿਕ, ਬਿਜਲੀ ਦਾ ਜ਼ੀਰੋ ਬਿੱਲ ਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਦੀ ਝਾਕੀ ਵਿਸ਼ੇਸ਼ ਰੂਪ 'ਚ ਸ਼ਾਮਲ ਕੀਤੀ ਜਾਵੇਗੀ। ਇਸ ਲਈ ਸਾਰਿਆਂ ਵਿਭਾਗਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ। ਸਮਾਗਮ 'ਚ ਕੁਲ 16 ਝਾਕੀਆਂ ਸਜਾਈਆਂ ਜਾਣਗੀਆਂ।

---

ਪਾਸ ਦੇ ਹਿਸਾਬ ਨਾਲ ਹੋਵੇਗੀ ਸਟੇਡੀਅਮ 'ਚ ਐਂਟਰੀ

ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਲਈ ਪਾਸ ਵੀ ਜਾਰੀ ਕੀਤੇ ਗਏ ਹਨ। ਇਸ 'ਚ ਪਾਸ ਨਾਲ ਹੀ ਲੋਕਾਂ ਦੀ ਐਂਟਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀਆਈਪੀ ਪਾਸ ਦੇ ਨਾਲ ਹੀ ਗੇਟ ਨੰਬਰ ਵੀ ਲਿਖਿਆ ਗਿਆ ਹੈ। ਉਸੇ ਮੁਤਾਬਕ ਹੀ ਐਂਟਰੀ ਕੀਤੀ ਜਾਵੇਗੀ।

---

ਸਟੇਡੀਅਮ ਕੋਲ ਪਾਰਕ 'ਚ ਹੋਵੇਗੀ ਪਾਰਕਿੰਗ

ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਕੋਲ ਸਥਿਤ ਲਾਜਪਤ ਨਗਰ ਪਾਰਕ 'ਚ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਚੌਕ ਦੇ ਮਸੰਦ ਚੌਂਕ ਨੂੰ ਜਾਂਦੇ ਰਸਤੇ 'ਤੇ ਸਥਿਤ ਮਾਰਕੀਟ 'ਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਕੀਤੀ ਦੀ ਵਿਵਸਥਾ ਕੀਤੀ ਗਈ ਹੈ। ਨਕੋਦਰ ਚੌਕ ਤੋਂ ਮਿਸ਼ਨ ਚੌਕ ਵੱਲ ਜਾਂਦੇ ਰਸਤੇ 'ਤੇ ਸਥਿਤ ਮਾਰਕੀਟ 'ਚ ਵੀ ਦੋਪਹੀਆ ਵਾਹਨ ਪਾਰਕ ਕੀਤੇ ਜਾ ਸਕਦੇ ਹਨ।

---

1200 ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ

ਗਣਤੰਤਰ ਦਿਵਸ ਸਮਾਗਮ ਕਰ ਕੇ ਸ਼ਹਿਰ 'ਚ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਨਕੋਦਰ ਰੋਡ, ਗੁਰੂ ਨਾਨਕ ਮਿਸ਼ਨ ਚੌਕ, ਬੱਸ ਸਟੈਂਡ ਰੋਡ ਤੇ ਲਾਜਪਤ ਨਗਰ ਸਮੇਤ ਸਟੇਡੀਅਮ ਨੂੰ ਜਾਂਦੇ ਰਸਤੇ 'ਤੇ 32 ਥਾਵਾਂ 'ਤੇ ਨਾਕੇ ਲਾਏ ਜਾਣਗੇ। ਜਿੱਥੇ ਪੁਲਿਸ ਮੁਲਜ਼ਮ ਲੋਕਾਂ ਨੂੰ ਜਾਂਚ ਤੋਂ ਬਾਅਦ ਅੱਗੇ ਜਾਣ ਦੀ ਇਜਾਜ਼ਤ ਦੇਣਗੇ।