ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪਿਛਲੇ ਚਾਰ ਦਿਨ ਤੋਂ ਕੋਰੋਨਾ ਦੇ ਤੇਵਰ ਠੰਢੇ ਪੈਣ ਲੱਗੇ ਹਨ। ਪਿਛਲੇ ਚਾਰ ਦਿਨ 'ਚ ਕੋਰੋਨਾ ਦੇ 2.98 ਗੁਣ ਨਵੇਂ ਮਰੀਜ਼ਾਂ ਦੀ ਕਮੀ ਹੋਈ ਹੈ। ਮੰਗਲਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ 288 ਨਵੇੇਂ ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਕੋਰੋਨਾ ਨਾਲ 2 ਅੌਰਤਾਂ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1535 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ 843 ਮਰੀਜ਼ ਕੋਰੋਨਾ ਤੋਂ ਜੰਗ ਜਿੱਤਣ 'ਚ ਕਾਮਯਾਬ ਹੋਏ। ਜ਼ਿਲ੍ਹੇ 'ਚ ਮਾਈਕਰੋਕੰਟੇਨਮੈਂਟ ਜ਼ੋਨਾਂ ਦੀ ਗਿਣਤੀ 21 ਅਤੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 16 ਹੋ ਗਈ।

ਮੰਗਲਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਪਿਛਲੇ ਚਾਰ ਦਿਨਾਂ ਦੇ ਮੁਕਾਬਲੇ ਸ਼ਾਂਤ ਰਿਹਾ। ਸਿਹਤ ਵਿਭਾਗ ਅਨੁਸਾਰ ਫ਼ੌਜ ਦੇ ਹਸਪਤਾਲ 12, ਸਿਵਲ ਹਸਪਤਾਲ ਤੋਂ 2, ਨਿੱਜੀ ਕਾਲਜ ਦੇ ਸਟਾਫ ਹੋਸਟਲ, ਨਿੱਜੀ ਤੇ ਸਰਕਾਰੀ ਸਕੂਲ ਦੇ ਚਾਰ ਅਧਿਆਪਕ ਤੇ ਇਕ ਨਿੱਜੀ ਡਾਕਟਰ ਤੋਂ ਇਲਾਵਾ ਜ਼ਿਲ੍ਹੇ ਦੇ ਕਈ ਇਲਾਕਿਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਜ਼ਿਲ੍ਹੇ 'ਚ ਚਰਨਜੀਤਪੁਰਾ ਇਲਾਕੇ 'ਚ ਰਹਿਣ ਵਾਲੀ 78 ਸਾਲ ਦੀ ਅੌਰਤ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਅਤੇ ਹਸਪਤਾਲ 'ਚ 9 ਦਿਨ ਤਕ ਦਾਖਲ ਰਹਿਣ ਤੋਂ ਬਾਅਦ ਉਸ ਦੀ 21 ਜਨਵਰੀ ਨੂੰ ਮੌਤ ਹੋ ਗਈ। ਅੌਰਤ ਨੂੰ ਸ਼ੂਗਰ ਦੀ ਬਿਮਾਰੀ ਸੀ। ਉੱਥੇ ਹੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਗੁਲਾਬ ਦੇਵੀ ਰੋਡ 'ਤੇ ਰਹਿਣ ਵਾਲੀ 70 ਸਾਲਾ ਅੌਰਤ ਨੂੰ ਬਿਮਾਰ ਹੋਣ 'ਤੇ ਸਿਵਲ ਹਸਪਤਾਲ 'ਚ ਦਾਖਲ ਕਰਾਵਿਆ ਗਿਆ। ਉਸ ਨੂੰ ਹਾਈਪਰਟੈਂਸ਼ਨ ਸੀ ਅਤੇ ਜਾਂਚ 'ਚ ਕੋਰੋਨਾ ਦੀ ਪੁਸ਼ਟੀ ਹੋਈ। ਉਸ ਦੀ 24 ਜਨਵਰੀ ਨੂੰ ਮੌਤ ਹੋ ਗਈ ਸੀ।

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਅਤੇ ਸਾਵਧਾਨੀਆਂ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਜ਼ਿਲ੍ਹੇ 'ਚ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ 'ਚ 160 ਮਰੀਜ਼ ਦਾਖਲ ਹਨ। ਇਨ੍ਹਾਂ 'ਚ 113 ਲੈਵਲ-2 ਅਤੇ 47 ਲੈਵਲ 3 ਦੇ ਮਰੀਜ਼ ਸ਼ਾਮਲ ਹਨ। ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ 2806 ਹੋ ਗਈ ਹੈ। ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਆਉਣ ਤੋਂ ਬਾਅਦ 3888 ਹੋ ਗਈ ਹੈ।

------------

ਬਾਰਿਸ਼ ਕਾਰਨ ਘੱਟ ਲਏ ਗਏ ਸੈਂਪਲ

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਬਾਰਿਸ਼ ਦੇ ਕਾਰਨ ਲੋਕ ਘਰਾਂ 'ਚ ਦੁਬਕੇ ਰਹੇ। ਬਾਰਿਸ਼ ਕਾਰਨ ਕੋਰੋਨਾ ਜਾਂਚ ਲਈ ਸੈਂਪਲਾਂ ਦੀ ਗਿਣਤੀ ਘੱਟ ਰਹੀ। ਸੈਂਪਲਾਂ ਦੀ ਗਿਣਤੀ ਘੱਟ ਹੋਣ ਨਾਲ ਮਰੀਜ਼ਾਂ ਦੀ ਗਿਣਤੀ 'ਚ ਵੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ 2775 ਸੈਂਪਲਾਂ ਦੀ ਜਾਂਚ ਤੋਂ ਬਾਅਦ 244 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ।

-------------

ਇਨ੍ਹਾਂ ਇਲਾਕਿਆਂ ਦੇ ਪਰਿਵਾਰਾਂ ਦੇ 2 ਤੋਂ 4 ਮੈਂਬਰ ਆਏ ਕੋਰੋਨਾ ਦੀ ਲਪੇਟ 'ਚ

ਰਾਮਾ ਮੰਡੀ

ਹਰਦਿਆਲ ਨਗਰ

ਰਾਜੀਵ ਗਾਂਧੀ ਵਿਹਾਰ

ਦਿਲਬਾਗ ਨਗਰ

ਆਬਾਦਪੁਰਾ

ਜੇਪੀ ਨਗਰ

ਧੰਨੋਵਾਲੀ

ਕਾਹਨਪੁਰ

ਫਗਵਾੜੀ ਮੁਹੱਲਾ

ਜਲੰਧਰ ਹਾਈਟਸ

ਸੂਰਿਆ ਇਨਕਲੇਵ

ਐਲਡਿਗੋ ਗਰੀਨ

ਅਰਬਨ ਅਸਟੇਟ ਫੇਜ਼-1

ਬਾਬਾ ਬੁੱਢਾ ਜੀ ਨਗਰ

ਬਸਤੀ ਪੀਰ ਦਾਦ

ਆਦਰਸ਼ ਨਗਰ

-----------

ਜਨਵਰੀ ਮਰੀਜ਼

22 728

23 680

24 496

25 244