ਜੇਐੱਨਐੱਨ, ਜਲੰਧਰ : ਸ਼ੁੱਕਰਵਾਰ ਤੋਂ ਬਾਅਦ ਹਫ਼ਤੇ ਦੇ ਅੰਤ 'ਚ ਪੂਰਾ ਦਿਨ ਧੁੱਪ ਖਿੜੀ ਰਹੀ ਜਿਸ ਨਾਲ ਤਾਪਮਾਨ 'ਚ ਤਾਂ ਇਜ਼ਾਫਾ ਹੋਇਆ ਹੀ ਨਾਲ ਹੀ ਲੋਕਾਂ ਨੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਠੰਢ ਤੋਂ ਵੀ ਕੁਝ ਹੱਦ ਤਕ ਨਿਜਾਤ ਮਿਲੀ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ 'ਚ ਮੌਸਮ ਵੱਲੋਂ ਫਿਰ ਕਰਵਟ ਲਏ ਜਾਣ ਦੇ ਸੰਕੇਤ ਦਿੱਤੇ ਜਾ ਰਹੇ ਹਨ ਜਿਸ ਤਹਿਤ ਅਸਮਾਨ 'ਚ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਫਿਰ ਤੋਂ ਗਿਰਾਵਟ ਹੋ ਜਾਵੇਗੀ। ਦਰਅਸਲ, ਵੀਰਵਾਰ ਨੂੰ ਪੂਰਾ ਦਿਨ ਅਸਮਾਨ 'ਚ ਬੱਦਲ ਛਾਏ ਰਹੇ ਸਨ। ਉਥੇ ਸ਼ੁੱਕਰਵਾਰ ਤੋਂ ਬਾਅਦ ਸ਼ਨਿਚਰਵਾਰ ਨੂੰ ਵੀ ਦੁਪਹਿਰ ਦੇ ਸਮੇਂ ਤੇਜ਼ ਧੁੱਪ ਨਿਕਲੀ ਜਿਸ ਕਾਰਨ ਦੋ ਦਿਨਾਂ 'ਚ ਹੀ ਵਧ ਤੋਂ ਵਧ ਤਾਪਮਾਨ 'ਚ ਪੰਜ ਡਿਗਰੀ ਦਾ ਇਜ਼ਾਫਾ ਹੋ ਗਿਆ। ਵੀਰਵਾਰ ਜੋ ਤਾਪਮਾਨ 21 ਡਿਗਰੀ ਸੈਲਸੀਅਸ ਚੱਲ ਰਿਹਾ ਸੀ ਉਹ ਵਧ ਕੇ 26 ਡਿਗਰੀ ਪੁੱਜ ਗਿਆ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ ਅੱਠ ਡਿਗਰੀ 12 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਹੈ। ਓਧਰ, ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਬਾਰੇ ਮੌਸਮ ਮਾਹਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਤੇ ਸੀਤ ਲਹਿਰ ਦਾ ਅਸਰ ਮੈਦਾਨੀ ਇਲਾਕਿਆਂ 'ਚ ਪੈ ਰਿਹਾ ਹੈ। ਐਤਵਾਰ ਨੂੰ ਸੀਤ ਲਹਿਰ ਤੇਜ਼ ਹੋ ਜਾਵੇਗੀ ਜਿਸ ਨਾਲ ਠੰਢ ਵਧਣੀ ਤੈਅ ਹੈ।