ਅਮਰਜੀਤ ਸਿੰਘ ਵੇਹਗਲ, ਜਲੰਧਰ : ਕਾਂਗਰਸ ਪਾਰਟੀ ਵੱਲੋਂ ਰਵਿੰਦਰ ਸਿੰਘ ਲਾਡੀ ਨੂੰ ਸੂਬਾ ਸਕੱਤਰ ਕਾਂਗਰਸ ਪਾਰਟੀ ਪੰਜਾਬ ਦਾ ਅਹੁਦਾ ਦੇ ਕੇ ਨਿਵਾਜਿਆ ਹੈ। ਨਵ-ਨਿਯੁਕਤ ਸੂਬਾ ਸਕੱਤਰ ਹਰਵਿੰਦਰ ਸਿੰਘ ਲਾਡੀ ਨੇ ਅਹੁਦਾ ਸੰਭਾਲਦਿਆਂ ਨਵਜੋਤ ਸਿੰਘ ਸਿੱਧੂ, ਸਮੀਤ ਸਿੰਘ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲੇ ਦੀ ਤਰ੍ਹਾਂ ਹੀ ਪਾਰਟੀ ਵਿਚ ਸੁਚੱਜੇ ਢੰਗ ਨਾਲ ਸੇਵਾਵਾਂ ਨਿਭਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਕਈ ਮਹੱਤਵਪੂਰਨ ਫੈਸਲੇ ਲੈ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਤੇ ਹੁਣ ਇਸ ਨੂੰ ਦੁਬਾਰਾ ਸੱਤਾ 'ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਿਰ ਚੜਿ੍ਹਆ ਕਰਜ਼ਾ ਉਤਾਰਨਾ ਤੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹਾਂ 'ਤੇ ਲੈ ਕੇ ਆਉਣਾ ਸਿੱਧੂ ਦਾ ਏਜੰਡਾ ਹੈ ਜਿਸ ਨੂੰ ਉਹ ਹਰ ਹਾਲ 'ਚ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਵੱਲੋਂ ਦਿੱਤੇ ਪੰਜਾਬ ਮਾਡਲ ਨੂੰ ਅਪਣਾ ਕੇ ਪੰਜਾਬ ਮੁੜ ਖੁਸ਼ਹਾਲ ਸੂਬਾ ਬਣ ਸਕਦਾ ਹੈ।