ਜੇਐੱਨਐੱਨ, ਜਲੰਧਰ : ਵੇਰਕਾ ਮਿਲਕ ਪਲਾਂਟ ਨੇੜੇ ਆਪਣੀ ਮਾਂ ਨਾਲ ਜਾ ਰਹੀ ਲੜਕੀ ਦੇ ਅਗਵਾ ਦੇ ਜਬਰ ਜਨਾਹ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਅਗਵਾ, ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ।

ਲੜਕੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਮਾਂ ਨਾਲ ਵੇਰਕਾ ਮਿਲਕ ਪਲਾਂਟ ਨੇੜੇ ਲੱਕੜੀਆਂ ਚੁਗਣ ਗਈ ਸੀ। ਉਥੇ ਕਾਰ ਵਿਚ ਰਾਜਸਥਾਨ ਦੇ ਆਦਰਸ਼ ਨਗਰ ਵਾਸੀ ਵਿੱਕੀ ਨਾਮਕ ਨੌਜਵਾਨ ਆਇਆ ਜਿਸ ਦੇ ਨਾਲ ਇਕ ਹੋਰ ਨੌਜਵਾਨ ਸੀ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲੈ ਗਏ। ਕਾਰ ਵਿਚ ਉਸ ਨੂੰ ਕੁਝ ਸੁੰਘਾਇਆ ਜਿਸ ਕਾਰਨ ਉਹ ਬੇਹੋਸ਼ ਹੋ ਗਈ ਅਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਰਾਜਸਥਾਨ 'ਚ ਕਿਸੇ ਘਰ ਵਿਚ ਕੈਦ ਸੀ। ਕੁਝ ਦੇਰ ਬਾਅਦ ਵਿੱਕੀ ਅਤੇ ਉਸ ਦਾ ਭਰਾ ਰੋਹਿਤ ਆਏ, ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਜਬਰ ਜਨਾਹ ਕੀਤਾ। ਕਈ ਦਿਨਾਂ ਤਕ ਦੋਵੇਂ ਭਰਾ ਉਸ ਨਾਲ ਜਬਰ ਜਨਾਹ ਕਰਦੇ ਰਹੇ। ਉਹ ਰੌਲਾ ਪਾਉਂਦੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਅਤੇ ਬੇਹੋਸ਼ ਕਰ ਦਿੱਤਾ ਜਾਂਦਾ। ਇਸ ਦੌਰਾਨ ਵਿੱਕੀ, ਰੋਹਿਤ ਅਤੇ ਉਸ ਦੀ ਮਾਂ ਗੀਤੋ ਦੇ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਅਨਿਲ ਬਾਬਾ ਅਤੇ ਚੰਦੂ ਆਏ ਅਤੇ ਫੋਨ 'ਤੇ ਕਿਸੇ ਨਾਲ ਉਸ ਦਾ ਪੰਜ ਲੱਖ ਰੁਪਏ ਵਿਚ ਸੌਦਾ ਕਰ ਦਿੱਤਾ। ਸੌਦਾ ਕਰਨ ਤੋਂ ਬਾਅਦ ਸਾਰੇ ਉਥੋਂ ਚਲੇ ਗਏ ਪਰ ਅਨਿਲ ਬਾਬਾ ਉਥੇ ਰੁਕ ਗਿਆ ਅਤੇ ਉਸ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ। ਉਹ ਕਿਸੇ ਤਰ੍ਹਾਂ ਘਰੋਂ ਬਾਹਰ ਨਿਕਲੀ ਅਤੇ ਜਲੰਧਰ ਵਿਚ ਰਹਿਣ ਵਾਲੇ ਆਪਣੇ ਭਰਾ ਨੂੰ ਫੋਨ 'ਤੇ ਸਾਰੀ ਜਾਣਕਾਰੀ ਦਿੱਤੀ। ਉਸ ਦਾ ਭਰਾ ਉਸ ਨੂੰ ਲੈ ਕੇ ਆਇਆ ਅਤੇ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ। ਥੋੜ੍ਹਾ ਠੀਕ ਹੋਣ 'ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਪਰੋਕਤ ਸਾਰੇ ਪੰਜੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਰਾਜਸਥਾਨ 'ਚ ਟੀਮ ਭੇਜ ਕੇ ਜਲਦ ਸਭ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।