ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪੁਰਾਣੇ ਤਜਰਬੇਕਾਰ ਤੇ ਮਿਹਨਤੀ ਆਗੂ ਰਣਜੀਤ ਸਿੰਘ ਰਾਣਾ ਨੂੰ ਸ਼ੋ੍ਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦਾ ਨਿਯੁਕਤੀ ਪੱਤਰ ਹਾਈਕਮਾਂਡ ਵੱਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਰਾਣਾ ਨੂੰ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ ਵਿਚ ਸੌਂਪਿਆ। ਇਸ ਮੌਕੇ ਜਥੇਦਾਰ ਮੰਨਣ ਨੇ ਕਿਹਾ ਕਿ ਰਣਜੀਤ ਸਿੰਘ ਰਾਣਾ ਕਾਫ਼ੀ ਲੰਮੇ ਸਮੇਂ ਤੋਂ ਪਾਰਟੀ 'ਚ ਵੱਡੇ ਪੱਧਰ 'ਤੇ ਕੰਮ ਕਰਦੇ ਆ ਰਹੇ ਹਨ, ਜਿਨ੍ਹਾਂ ਦੀ ਮਿਹਨਤ, ਕੁਰਬਾਨੀ ਤੇ ਜਜ਼ਬੇ ਨੂੰ ਵੇਖਦਿਆਂ ਪਾਰਟੀ ਨੇ ਮਾਣ-ਸਨਮਾਨ ਦੇ ਕੇ ਨਿਵਾਜਿਆ ਹੈ। ਰਾਣਾ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ, ਯੂਥ ਅਕਾਲੀ ਦਲ ਤੇ ਸ਼ੋ੍ਮਣੀ ਅਕਾਲੀ ਦਲ ਦੇ ਹਰ ਖੇਤਰ ਵਿਚ ਪਿਛਲੇ ਤਕਰੀਬਨ ਤੀਹ ਸਾਲਾਂ ਤੋਂ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਕੰਮ ਕਰਦੇ ਆ ਰਹੇ ਹਨ। ਆਪਣੀ ਇਸ ਨਿਯੁਕਤੀ 'ਤੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਜੋ ਮਾਣ-ਸਨਮਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ 'ਤੇ ਭਰੋਸਾ ਕਰ ਕੇ ਦਿੱਤਾ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਬਿਕਰਮ ਸਿੰਘ ਮਜੀਠੀਆ, ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਚੰਦਨ ਗਰੇਵਾਲ ਤੇ ਜਗਬੀਰ ਸਿੰਘ ਬਰਾੜ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਨਾਗਰਾ ਕੌਂਸਲਰ, ਮਨਿੰਦਰਪਾਲ ਸਿੰਘ ਗੁੰਬਰ, ਅਵਤਾਰ ਸਿੰਘ ਘੁੰਮਣ, ਸਤਿੰਦਰ ਸਿੰਘ ਪੀਤਾ, ਅਮਰਪ੍ਰਰੀਤ ਸਿੰਘ ਮੌਂਟੀ, ਜਗਜੀਤ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਰਾਜੂ ਭਾਟੀਆ, ਮਹਿੰਦਰ ਸਿੰਘ, ਬਾਲ ਕਿਸ਼ਨ ਸੰਤੋਖਪੁਰਾ, ਹਰਵਿੰਦਰ ਸਿੰਘ ਮੋਨੂੰ ਆਦਿ ਹਾਜ਼ਰ ਸਨ।