ਮਨੋਜ ਚੋਪੜਾ, ਮਹਿਤਪੁਰ

ਸੀਨੀਅਰ ਕਾਂਗਰਸੀ ਆਗੂ ਕੌਂਸਲਰ ਰਮੇਸ਼ ਮਹੇ ਨੂੰ ਅੱਜ ਸਮੂਹ ਕੌਂਸਲਰਾਂ ਦੀ ਸਹਿਮਤੀ ਨਾਲ ਨਗਰ ਪੰਚਾਇਤ ਮਹਿਤਪੁਰ ਦਾ ਪ੍ਰਧਾਨ ਅਤੇ ਕੌਂਸਲਰ ਮਹਿੰਦਰ ਪਾਲ ਸਿੰਘ ਟੁਰਨਾ ਨੂੰ ਉਪ ਪ੍ਰਧਾਨ ਚੁਣਿਆ ਗਿਆ। ਅੱਜ ਸ਼ਾਮ ਕਰੀਬ 5 ਵਜੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਐੱਸਡੀ ਐੱਮ ਗੋਤਮ ਜੈਨ ਦੀ ਦੇਖ ਰੇਖ ਹੇਠ ਨਗਰ ਪੰਚਾਇਤ ਮਹਿਤਪੁਰ ਦੀ ਚੋਣ ਹੋਈ, ਜਿਸ 'ਚ ਸਾਰੇ ਕੌਂਸਲਰਾਂ ਨੇ ਆਪਣੀ ਸਹਿਮਤੀ ਨਾਲ ਰਮੇਸ਼ ਮਹੇ ਨੂੰ ਪ੍ਰਧਾਨ ਤੇ ਮਹਿੰਦਰ ਪਾਲ ਸਿੰਘ ਟੁਰਨਾ ਨੂੰ ਉਪ ਪ੍ਰਧਾਨ ਚੁਣਿਆ। ਇਸ ਦੌਰਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਮਿਹਨਤੀ ਅਤੇ ਮਿੱਠ ਬੋਲੜੇ ਇਨਸਾਨ ਨੂੰ ਨਗਰ ਪੰਚਾਇਤ ਦਾ ਸਰਵ ਸੰਪਤੀ ਨਾਲ ਪ੍ਰਧਾਨ ਚੁਣ ਕੇ ਸ਼ਹਿਰ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹੁਣ ਬਹੁਤ ਜਲਦ ਮਹਿਤਪੁਰ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਤੇ ਰਹਿੰਦੇ ਵਿਕਾਸ ਕਾਰਜ ਵੀ ਜੰਗੀ ਪੱਧਰ 'ਤੇ ਸ਼ੁਰੂ ਕੀਤੇ ਜਾਣਗੇ। ਅੰਤ 'ਚ ਨਵ ਨਿਯੁਕਤ ਪ੍ਰਧਾਨ ਰਮੇਸ਼ ਮਹੇ ਨੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਸਮੂਹ ਕੌਂਸਲਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪੂਰੀ ਮਿਹਨਤ ਨਾਲ ਕੰਮ ਕਰਾਂਗਾ। ਉਸ ਵੇਲੇ ਬੜੀ ਹੈਰਾਨੀ ਹੋਈ ਜਦੋਂ ਉਪ ਪ੍ਰਧਾਨ ਮਹਿੰਦਰ ਪਾਲ ਸਿੰਘ ਟੁਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ। ਮਹਿੰਦਰ ਪਾਲ ਸਿੰਘ ਟੁਰਨਾ ਦੇ ਚਿਹਰੇ ਤੋਂ ਨਰਾਜ਼ਗੀ ਸਾਫ਼ ਜ਼ਾਹਰ ਹੋ ਰਹੀ ਸੀ ਜਿਸ ਨੂੰ ਲੁਕੋ ਰਹੇ ਸਨ। ਇਸ ਮੌਕੇ ਰਾਜ ਕੁਮਾਰ ਜੱਗਾ ਸਾਬਕਾ ਪ੍ਰਧਾਨ, ਕ੍ਰਾਂਤੀ ਜੀਤ ਸਿੰਘ ਸਾਬਕਾ ਉਪ ਪ੍ਰਧਾਨ, ਹਰਪ੍ਰਰੀਤ ਸਿੰਘ ਪੀਤਾ, ਕਮਲ ਕਿਸ਼ੋਰ, ਕੌਂਸਲਰ ਪ੍ਰਰੀਤਮ ਕੌਰ ਸੰਧੂ, ਕੌਂਸਲਰ ਪ੍ਰਵੀਨ ਮਹਿਤਾ, ਕੌਂਸਲਰ ਸਵਪਨਦੀਪ ਕੌਰ ਚਾਹਲ, ਕੌਂਸਲਰ ਸਨੀਤਾ ਰਾਣੀ, ਨੰਬਰਦਾਰ ਕਸ਼ਮੀਰੀ ਲਾਲ, ਰਕੇਸ਼ ਮਹਿਤਾ, ਸੁਰਿੰਦਰ ਪਾਲ ਸਿੰਘ ਚਾਹਲ, ਈਓ ਦੇਸ਼ ਰਾਜ, ਐੱਸਓ ਨਿਸ਼ਾਂਤ ਜੈਨ, ਸੰਤੋਖ ਲਾਲ ਤੇ ਇਲਾਕੇ ਦੇ ਪੱਤਵੰਤੇ ਸੱਜਣ ਹਾਜ਼ਰ ਸਨ।