ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਇਲਾਕੇ ਅੰਦਰ ਬੀਤੀ ਦੇਰ ਸ਼ਾਮ ਹਨੇਰੀ-ਝੱਖੜ, ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ। ਪੱਕੀ ਫ਼ਸਲ ਜ਼ਮੀਨ 'ਤੇ ਪੂਰੀ ਤਰ੍ਹਾਂ ਨਾਲ ਵਿਛ ਗਈ ਹੈ।

ਇਸ ਸਬੰਧੀ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜਿ.) ਦੇ ਉੱਪ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮੁਕੇਸ਼ ਚੰਦਰ ਰਾਣੀ ਭੱਟੀ, ਕਿਸਾਨ ਆਗੂ ਲਖਵੀਰ ਸਿੰਘ ਬਾਠ, ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਦੇ ਆਗੂ ਗੁਰਦੀਪ ਸਿੰਘ ਸਿੱਧੂ, ਲੰਬੜਦਾਰ ਸਤਿੰਦਰਪਾਲ ਸਿੰਘ ਸਿੱਧੂ, ਆਲ ਇੰਡੀਆ ਜਾਟ ਮਹਾਸਭਾ ਦੇ ਬਲਾਕ ਮੀਤ ਪ੍ਰਧਾਨ ਹਰਪ੍ਰਰੀਤ ਸਿੰਘ ਸਿੱਧੂ, ਉੱਘੇ ਕਿਸਾਨ ਆਗੂ ਹਰਦਿਆਲ ਸਿੰਘ ਬੁੱਟਰ, ਜੈਵਿਕ ਖੇਤੀ ਮਾਹਿਰ ਅਮਰਜੀਤ ਸਿੰਘ ਭੰਗੂ, ਮਿਸ਼ਨ ਪੰਜਾਬ ਦੇ ਆਗੂ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਮੁੱਖ ਬੁਲਾਰੇ ਗੁਰਪ੍ਰਰੀਤ ਸਿੰਘ ਅਟਵਾਲ, ਪਿੰਡ ਚੱਕ ਝੰਡੂ ਤੋਂ ਦਲਜੀਤ ਸਿੰਘ ਗਿੱਲ, ਕਿਸਾਨ ਗੁਰਮਿੰਦਰ ਸਿੰਘ ਿਢੱਲੋਂ ਨੇ ਦੱਸਿਆ ਕਿ ਹਨੇਰੀ-ਝੱਖੜ ਤੇ ਭਾਰੀ ਮੀਂਹ ਨੇ ਝੋਨੇ ਦੇ ਨਾਲ-ਨਾਲ ਕਮਾਦ, ਹਰਾ ਚਾਰਾ, ਬਾਸਮਤੀ ਦੀਆਂ ਫ਼ਸਲਾਂ ਜ਼ਮੀਨ 'ਤੇ ਵਿਛਾ ਦਿੱਤੀਆਂ, ਜਿਸ ਕਰ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਭਾਰੀ ਵਾਧਾ ਹੋ ਗਿਆ ਹੈ। ਇਸ ਤੋਂ ਇਲਾਵਾ ਮੰਡੀਆਂ 'ਚ ਪਈ ਫ਼ਸਲ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਨੂੰ ਸਹੀ ਢੰਗ ਨਾਲ ਖਰੀਦਿਆ ਨਹੀਂ ਸੀ ਜਾ ਰਿਹਾ, ਉਪਰੋਂ ਬਾਰਿਸ਼ ਤੇ ਹਨੇਰੀ ਨੇ ਝੋਨੇ ਦੀ ਫ਼ਸਲ ਤਬਾਹ ਕਰ ਕੇ ਰੱਖ ਦਿੱਤੀ ਹੈ। ਹੁਣ ਮੰਡੀਆਂ 'ਚ ਵੇਚਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਝੋਨੇ ਦੀ ਵਾਢੀ ਦਾ ਕੰਮ ਵੀ ਪੱਛੜ ਜਾਵੇਗਾ। ਝਾੜ 'ਤੇ ਵੀ ਫ਼ਰਕ ਪਵੇਗਾ। ਕਿਸਾਨਾਂ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਡਿਪਟੀ ਕਮਿਸ਼ਨਰ ਜਲੰਧਰ ਕੋਲੋਂ ਮੰਗ ਕੀਤੀ ਹੈ ਕਿ ਬਾਰਿਸ਼ ਨਾਲ ਤਬਾਹ ਹੋਈ ਫ਼ਸਲ ਦਾ ਸਰਕਾਰ ਯੋਗ ਮੁਆਵਜ਼ਾ ਦੇਵੇ।