ਪੰਜਾਬੀ ਜਾਗਰਣ ਕੇਂਦਰ, ਜਲੰਧਰ : ਐੱਨਐੱਚ-44 'ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਵੱਧ ਰੁਝੇਵੇਂ ਵਾਲੇ ਦਿੱਲੀ-ਅੰਮਿ੍ਤਸਰ ਰੇਲ ਸੈਕਸ਼ਨ 'ਤੇ ਪੈਂਦੀ ਦਕੋਹਾ ਰੇਲਵੇ ਕਰਾਸਿੰਗ 'ਤੇ ਸਬ-ਵੇ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਕੋਲ ਪਹੁੰਚ ਕੀਤੀ ਹੈ। ਡਿਪਟੀ ਕਮਿਸਨਰ ਘਨਸ਼ਿਆਮ ਥੋਰੀ ਨੇ ਐੱਨਐੱਚਏਆਈ ਨੂੰ ਲਿਖੇ ਪੱਤਰ 'ਚ ਜਾਣੂ ਕਰਵਾਇਆ ਕਿ ਦਕੋਹਾ ਰੇਲਵੇ ਕਰਾਸਿੰਗ ਐੱਨਐੱਚ-44 ਤੋਂ ਮਹਿਜ਼ 25 ਮੀਟਰ ਦੀ ਦੂਰੀ 'ਤੇ ਹੈ, ਜਿਥੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਰਾਸ਼ਟਰੀ ਰਾਜਮਾਰਗ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਦੀ ਮੱਦੇਨਜ਼ਰ ਇਕ ਅੰਡਰਪਾਸ ਦੀ ਜ਼ਰੂਰਤ ਹੈ। ਐੱਨਐੱਚ-44 ਦੇ ਨਾਲ ਲੱਗਦੀ ਦਕੋਹਾ ਰੇਲਵੇ ਕਰਾਸਿੰਗ ਹਾਈਵੇ 'ਤੇ, ਜਦੋਂ ਰੇਲ ਗੱਡੀਆਂ ਲੰਘਦੀਆਂ ਹਨ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਡਿਪਟੀ ਕਮਿਸ਼ਨਰ, ਜਿਨ੍ਹਾਂ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਅਤੇ ਰੇਲਵੇ ਜਲੰਧਰ ਦੇ ਅਧਿਕਾਰੀਆਂ ਦੇ ਨਾਲ ਸਾਈਟ ਦਾ ਨਿਰੀਖਣ ਵੀ ਕੀਤਾ, ਨੇ ਕਿਹਾ ਕਿ ਤੇਜ਼ ਰਫ਼ਤਾਰ ਨਾਲ ਸਿੱਧਾ ਹਾਈਵੇ 'ਤੇ ਆਉਣ ਵਾਲੇ ਵਾਹਨ ਲਈ ਦਕੋਹਾ ਰੇਲਵੇ ਕਰਾਸਿੰਗ ਇਕ ਵੱਡੀ ਰੁਕਾਵਟ ਬਣ ਗਈ ਹੈ, ਜੋ ਅਕਸਰ ਇਥੇ ਹਾਦਸੇ ਵਾਪਰਨ ਦਾ ਕਾਰਨ ਬਣਦੀ ਹੈ। ਲੋਕ ਨਿਰਮਾਣ ਵਿਭਾਗ ਦੀ ਸੰਭਾਵਿਤ ਰਿਪੋਰਟ ਅਨੁਸਾਰ ਐੱਨਐੱਚ-44 ਨਾਲ ਨੇੜਤਾ ਹੋਣ ਦਕੋਹਾ ਰੇਲਵੇ ਕਰਾਸਿੰਗ 'ਤੇ ਰੇਲਵੇ ਓਵਰ ਬਿ੍ਜ ਨਹੀਂ ਬਣਾਇਆ ਜਾ ਸਕਿਆ ਹਾਲਾਂਕਿ ਵਾਹਨ ਅੰਡਰਪਾਸ ਉਸਾਰਿਆ ਜਾ ਸਕਦਾ ਹੈ, ਜਿਸ ਸਬੰਧੀ ਰਿਪੋਰਟ ਲੋਕ ਨਿਰਮਾਣ ਵਿਭਾਗ ਵੱਲੋਂ ਦਿੱਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ ਸਗੋਂ ਹਾਦਸਿਆਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਹਨ ਅੰਡਰਪਾਸ ਟਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਅਤੇ ਮਾਲ ਅਧਿਕਾਰੀਆਂ ਨੂੰ ਜ਼ਮੀਨਾਂ ਦੀ ਹੱਦਬੰਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਲੈਕ ਸਪਾਟਸ 'ਤੇ ਹਾਦਸਿਆਂ ਕਾਰਨ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਨ੍ਹਾਂ ਦਾ ਤੁਰੰਤ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਐੱਨਐੱਚਆਈਏ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੂੰ ਲਿਖੇ ਪੱਤਰ 'ਚ ਥੋਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਰਾਜੈਕਟ ਡਾਇਰੈਕਟਰ ਅੰਬਾਲਾ/ਜਲੰਧਰ ਨੂੰ ਵਾਹਨ ਅੰਡਰਪਾਸ 'ਤੇ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦੇਣ। ਇਸ ਮੌਕੇ ਐੱਸਡੀਐੱਮ ਡਾ. ਜੈ ਇੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ ਐਂਡ ਆਰ) ਭਾਗਵਿੰਦਰ ਸਿੰਘ ਤੁਲੀ, ਐੱਸਡੀਓ ਵਿਸਾਲ ਕੁਮਾਰ, ਸਹਾਇਕ ਇੰਜੀਨੀਅਰ ਰਾਹੁਲ ਤੇ ਹੋਰ ਸ਼ਾਮਲ ਸਨ।